Air India’s new : ਪੂਰੇ ਦੇਸ਼ ‘ਚ ਕੋਰੋਨਾ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਕੋਈ ਵੀ ਸੂਬਾ ਇਸ ਦੇ ਪ੍ਰਕੋਪ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕਿਆ ਹੈ। ਪੰਜਾਬ ‘ਚ ਕੋਰੋਨਾ ਦੀ ਦੂਜੀ ਲਹਿਰ ਵੱਧ ਖਤਰਨਾਕ ਸਾਬਤ ਹੋ ਰਹੀ ਹੈ। ਰੋਜ਼ਾਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਤੇ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸੇ ਤਹਿਤ ਏਅਰ ਇੰਡੀਆ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਜਿਸ ਤਹਿਤ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਅੰਮ੍ਰਿਤਸਰ ਆਉਣ ਵਾਲੇ ਹਵਾਈ ਯਾਤਰੀਆਂ ਨੂੰ ਆਪਣੇ ਨਾਲ ਕੋਰੋਨਾ ਨਕਾਰਾਤਮਕ ਰਿਪੋਰਟ ਲਿਆਉਣੀ ਹੋਵੇਗੀ। ਇਹ ਫੈਸਲਾ ਸਰਕਾਰ ਨੇ ਨਹੀਂ ਬਲਕਿ ਏਅਰ ਇੰਡੀਆ ਵੱਲੋਂ ਲਿਆ ਗਿਆ ਹੈ।
ਏਅਰ ਇੰਡੀਆ ਨੇ ਇਹ ਜਾਣਕਾਰੀ ਆਪਣੇ ਅਧਿਕਾਰਕ ਪੇਜ ‘ਤੇ ਸਾਂਝੀ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਅੰਮ੍ਰਿਤਸਰ ਜਾਣ ਵਾਲੇ ਲੋਕਾਂ ਨੂੰ 72 ਘੰਟੇ ਪਹਿਲਾਂ ਦੀ ਕੋਰੋਨਾ ਆਰਟੀ-ਪੀਸੀਆਰ ਦੀ ਨਕਾਰਾਤਮਕ ਰਿਪੋਰਟ ਆਪਣੇ ਨਾਲ ਲਿਆਉਣਾ ਲਾਜ਼ਮੀ ਹੈ । ਪੰਜਾਬ ਵਿੱਚ ਸ਼ਨੀਵਾਰ ਨੂੰ ਕੋਰੋਨਾ ਨਾਲ 92 ਲੋਕਾਂ ਦੀ ਮੌਤ ਹੋ ਗਈ। ਨਵੇਂ 5724 ਕੇਸ ਸਾਹਮਣੇ ਆਏ ਹਨ। ਵੱਖ ਵੱਖ ਹਸਪਤਾਲਾਂ ਵਿੱਚ ਦਾਖਲ 61 ਕੋਰੋਨਾ ਪੀੜਤਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਰਗਰਮ ਮਾਮਲਿਆਂ ਦੀ ਗਿਣਤੀ 46565 ਤੱਕ ਪਹੁੰਚ ਗਈ ਹੈ। 556 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਜਿਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਹੈ।
ਕੋਵਿਡ ਦੇ ਲਗਾਤਾਰ ਵੱਧ ਰਹੇ ਸੰਕਟ ਦੇ ਵਿਚਕਾਰ, ਰਾਜ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਆਕਸੀਜਨ ਦੀ ਘਾਟ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਸੀ ਅਤੇ ਆਕਸੀਜਨ ਦੀ ਘਾਟ ਵੱਲ ਇਸ਼ਾਰਾ ਕੀਤਾ ਸੀ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਪੰਜਾਬ ਦੇ ਆਕਸੀਜਨ ਕੋਟੇ ਨੂੰ ਵਧਾ ਦਿੱਤਾ ਪਰ ਚੰਡੀਗੜ੍ਹ ਨੂੰ ਵੀ ਇਸ ਕੋਟੇ ਨਾਲ ਜੋੜਿਆ, ਜਿਸ ਕਾਰਨ ਕੋਟਾ ਵਧਾਉਣ ਦੇ ਬਾਵਜੂਦ ਆਕਸੀਜਨ ਪੰਜਾਬ ਨੂੰ ਉਪਲਬਧ ਨਹੀਂ ਹੈ।