Bibi Basant Kaur : ਬੀਬੀ ਬਸੰਤ ਕੌਰ ਲਤਾ ਮਾਤਾ ਸਾਹਿਬ ਕੌਰ ਜੀ ਦੀ ਸੇਵਾਦਾਰ ਸੀ। ਬੇਮਿਸਾਲ ਬਹਾਦਰੀ ਦੀ ਜਿਊਂਦੀ ਜਾਗਦੀ ਮੂਰਤ ਬੀਬੀ ਲਤਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਲੱਗਿਆਂ ਮੁਗ਼ਲਾਂ ਦੇ ਹੱਥੇ ਚੜ੍ਹ ਗਈ ਸੀ। ਜਦੋਂ ਤਕ ਹਿੰਮਤ ਰਹੀ, ਉਹ ਟਾਕਰਾ ਕਰਦੀ ਰਹੀ ਤੇ ਅਖ਼ੀਰ ਜ਼ਖ਼ਮੀ ਹਾਲਤ ਵਿਚ ਬੇਹੋਸ਼ ਹੋ ਗਈ। ਇਸ ਦੀ ਬਹਾਦਰੀ ਤੇ ਖ਼ੂਬਸੂਰਤੀ ਵੇਖ ਕੇ ਸੂਬੇਦਾਰ ਨੇ ਕੈਦ ਕਰ ਕੇ ਉਸ ਨੂੰ ਨਿਕਾਹ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿਤਾ। ਇਹ ਬੀਬੀ ਸਿੱਖੀ ਸਿਧਾਂਤਾਂ ਨੂੰ ਇਸ ਤਰ੍ਹਾਂ ਪ੍ਰਣਾਈ ਹੋਈ ਸੀ ਕਿ ਇਸਲਾਮ ਕਬੂਲ ਕਰਨ ਦੇ ਹਰ ਲਾਲਚ ਨੂੰ ਇਸ ਨੇ ਠੁਕਰਾ ਦਿਤਾ। ਬੀਬੀ ਬਸੰਤ ਲਤਾ ਨੂੰ ਦੋ ਦਿਨ ਭੁੱਖੇ ਰੱਖ ਕੇ 72 ਘੰਟੇ ਲਗਾਤਾਰ ਚੱਕੀ ਪਿਸਵਾਈ ਗਈ। ਉਸ ਤੋਂ ਬਾਅਦ ਕੋੜੇ ਵੀ ਮਾਰੇ ਗਏ, ਪਰ ਬੀਬੀ ਥਿੜਕੀ ਨਾ।
ਬੀਬੀ ਦੇ ਪਹਿਰੇਦਾਰ ਨੇ ਵੀ ਉਸ ਨੂੰ ਮੌਤ ਦਾ ਡਰਾਵਾ ਦਿੰਦਿਆਂ ਇਸਲਾਮ ਕਬੂਲ ਕਰਨ ਲਈ ਜ਼ੋਰ ਪਾਇਆ ਤਾਂ ਬੀਬੀ ਬਸੰਤ ਨੇ ਗ਼ਰਜ਼ ਕੇ ਕਿਹਾ, ”ਸੂਰਵੀਰਾਂ ਦਾ ਜਨਮ ਬਹਾਦਰ ਮਾਵਾਂ ਦੇ ਕੁੱਖੋਂ ਹੀ ਹੋਇਆ ਕਰਦਾ ਹੈ। ਸਿੱਖ ਧਰਮ ਦੀਆਂ ਮਾਵਾਂ ਬੱਬਰ ਸ਼ੇਰਨੀਆਂ ਹੁੰਦੀਆਂ ਹਨ। ਮੇਰੇ ਵਰਗੀਆਂ ਨੂੰ ਦੌਲਤ ਦਾ ਲਾਲਚ ਅਪਣੇ ਮਕਸਦ ਤੋਂ ਹਿਲਾ ਨਹੀਂ ਸਕਦਾ। ਸਾਡੇ ਕੁੱਖੋਂ ਜਨਮੇ ਤਾਂ ਭੁੱਖੇ ਭਾਣੇ ਘੋੜਿਆਂ ਉਤੇ ਬੈਠੇ ਦਿਨ ਰਾਤ ਜੰਗਲਾਂ ਵਿਚ ਪਹਿਰਾ ਦਿੰਦੇ ਅਪਣੇ ਗੁਰੂ ਉਤੇ ਕੁਰਬਾਨ ਹੋਣ ਲਈ ਤਿਆਰ-ਬਰ-ਤਿਆਰ ਦਿਸਦੇ ਹਨ। ਅਸੀ ਤਾਂ ਆਖ਼ਰੀ ਸਾਹ ਵੀ ਰਣ-ਭੂਮੀ ਵਿਚ ਜੂਝਦੇ ਅਪਣੇ ਗੁਰੂ ਲਈ ਵਾਰਨ ਵਾਲੇ ਹਾਂ।
ਅਪਣੀ ਦੌਲਤ ਅਪਣੇ ਕੋਲ ਰੱਖੋ। ਮੇਰਾ ਜਨਮ ਸਾਰਥਕ ਤਾਂ ਹੀ ਹੋਵੇਗਾ ਜੇ ਮੈਂ ਗੁਰੂ ਲਈ ਜਾਨ ਵਾਰ ਦੇਵਾਂ।” ਪਹਿਰੇਦਾਰ ਨਾਲ ਗੱਲ ਕਰਦੀ ਨੇ ਕਦੋਂ ਚਲਾਕੀ ਨਾਲ ਪਹਿਰੇਦਾਰ ਦੀ ਕਮਰ ਨਾਲ ਬੰਨ੍ਹੀ ਛੁਰੀ ਖਿੱਚ ਲਈ, ਉਸ ਨੂੰ ਪਤਾ ਹੀ ਨਾ ਲਗਿਆ! ”ਇਹ ਜਨਮ ਮੇਰੇ ਗੁਰੂ ਦੇ ਲੇਖੇ” ਕਹਿੰਦਿਆਂ ਉਸ ਨੇ ਝੱਟ ਛੁਰੇ ਨਾਲ ਅਪਣਾ ਗਲਾ ਵੱਢ ਲਿਆ। ਇਸ ਤੋਂ ਪਹਿਲਾਂ ਕਿ ਪਹਿਰੇਦਾਰ ਦਰਵਾਜ਼ਾ ਖੋਲ੍ਹਦਾ, ਬੀਬੀ ਬਸੰਤ ਕੌਰ ਰੱਬ ਨੂੰ ਪਿਆਰੀ ਹੋ ਚੁੱਕੀ ਸੀ। ਬੀਬੀ ਬਸੰਤ ਲਤਾ ਦਾ ਬੁਲੰਦ ਹੌਸਲਾ ਵੇਖ ਕੇ ਸੂਬੇਦਾਰ ਹਿੱਲ ਗਿਆ। ਉਸ ਨੂੰ ਸਿੱਖ ਬੀਬੀਆਂ ਦੀ ਮਾਨਸਕ ਤਾਕਤ ਦਾ ਅੰਦਾਜ਼ਾ ਹੋ ਗਿਆ।