Faridkot court closes : ਜਿਲਾ ਅਤੇ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਮੰਗਲਵਾਰ ਨੂੰ ਕੋਟਕਪੂਰਾ ਗੋਲੀਕਾਂਡ ਕੇਸ ਦੀ ਫਾਇਲ ਨੂੰ ਬੰਦ ਕਰ ਦਿੱਤਾ ਹੈ । ਕੁੱਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਐੱਸ ਆਈ ਟੀ ਦੀ ਜਾਂਚ ਰਿਪੋਰਟ ਰੱਦ ਕਰ ਦਿੱਤੀ ਗਈ ਸੀ ਜਿਸ ਦੇ ਆਧਾਰ ‘ਤੇ ਇਹ ਫੈਸਲਾ ਲਿਆ ਗਿਆ। ਮੁਲਜ਼ਮਾਂ ਨੂੰ ਆਜ਼ਾਦ ਕਰ ਦਿੱਤਾ ਗਿਆ ਹੈ। ਫਾਇਲ ਬੰਦ ਹੋਣ ਨਾਲ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ , ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ , ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਸਮੇਤ 7 ਅਧਿਕਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ ।
ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਜਾਂਚ ਦੇ ਆਧਾਰ ਤੇ ਐਸਆਈਟੀ ਨੇ 7 ਲੋਕਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ ਸੀ ਅਤੇ ਇਨ੍ਹਾਂ ਦੇ ਖਿਲਾਫ ਸ਼ੁਰੂ ਹੋਏ ਟਰਾਇਲ ਦੇ ਤਹਿਤ ਅੱਜ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿੱਚ ਸੁਣਵਾਈ ਹੋਣੀ ਸੀ । ਸੁਣਵਾਈ ਦੇ ਦੌਰਾਨ ਬਚਾਅ ਪੱਖ ਦੇ ਵਕੀਲ ਗੁਰਸਾਹਿਬ ਸਿੰਘ ਬਰਾੜ ਨੇ ਜਿਲਾ ਅਦਾਲਤ ਨੂੰ ਪੰਜਾਬ ਤੇ ਹਾਈਕੋਰਟ ਦੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਚ ਅਦਾਲਤ ਨੇ ਬੀਤੀ 9 ਅਪ੍ਰੈਲ ਨੂੰ ਉਕਤ ਕੇਸ ਦੀ ਜਾਂਚ ਰਿਪੋਰਟ ਰੱਦ ਕਰ ਦਿੱਤੀ ਸੀ ਜਿਸਦੇ ਸੰਬੰਧ ਵਿੱਚ 23 ਅਪ੍ਰੈਲ ਨੂੰ ਹਾਈਕੋਰਟ ਨੇ 89 ਪੇਜ ਦੇ ਫੈਸਲੇ ਨੂੰ ਜਨਤਕ ਕਰ ਦਿੱਤਾ ਸੀ । ਇਸਦੇ ਆਧਾਰ ‘ਤੇ ਬਚਾਅ ਪੱਖ ਨੇ ਜਿਲ੍ਹਾ ਅਦਾਲਤ ਕੋਲ ਕੇਸ ਫਾਇਲ ਨੂੰ ਬੰਦ ਕਰਣ ਦੀ ਮੰਗ ਰੱਖੀ ਜਿਸਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਤੇ ਕੇਸ ਦੀ ਫਾਈਲ ਨੂੰ ਬੰਦ ਕਰ ਦਿੱਤਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਨੂੰ 18 ਮਈ ਤੱਕ ਅੱਗੇ ਪਾ ਦਿੱਤਾ ਗਿਆ ਹੈ। ਜਿਲ੍ਹਾ ਅਦਾਲਤ ਨੇ ਕੇਸ ਫਾਇਲ ਬੰਦ ਕਰਨ ਦੇ ਨਾਲ ਨਾਲ ਐਸਆਈਟੀ ਦੇ ਵੱਲੋਂ ਚਾਰਜਸ਼ੀਟ ਕੀਤੇ ਗਏ ਸਾਬਕਾ ਡੀਜੀਪੀ , ਮੁਅੱਤਲ ਆਈਜੀ , ਸਾਬਕਾ ਅਕਾਲੀ ਵਿਧਾਇਕ ਸਮੇਤ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ , ਤੱਤਕਾਲੀ ਏਡੀਸੀਪੀ ਲੁਧਿਆਨਾ ਪਰਮਜੀਤ ਸਿੰਘ ਪੰਨੂ , ਤਤਕਾਲੀ ਡੀਐਸਪੀ ਬਲਜੀਤ ਸਿੰਘ ਅਤੇ ਥਾਨਾ ਸਿਟੀ ਐਸਐਚਓ ਰਹੇ ਗੁਰਦੀਪ ਸਿੰਘ ਨੂੰ ਫਿਲਹਾਲ ਆਜ਼ਾਦ ਕਰ ਦਿੱਤਾ ਗਿਆ ਹੈ ।