Capt Amarinder reviews : ਕੋਰੋਨਾ ਦੇ ਵਧਦੇ ਕੇਸਾਂ ਦਰਮਿਆਨ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਦੀ ਰਿਵਿਊ ਬੈਠਕ ਬੁਲਾਈ ਗਈ ਹੈ। ਵੀਡੀਓ ਕਾਨਫਰੰਸ ਰਾਹੀਂ ਮੁੱਖ ਮੰਤਰੀ ਨੇ ਛੇ ਵੱਡੇ ਜ਼ਿਲ੍ਹਿਆਂ (ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਮੁਹਾਲੀ) ਦੀ ਕੋਵਿਡ ਸਥਿਤੀ ਦਾ ਜਾਇਜ਼ਾ ਲਿਆ। ਉਪਰੋਕਤ ਜ਼ਿਲ੍ਹਿਆਂ ਦੇ ਡੀ ਸੀ, ਸੀ ਪੀ / ਐਸ ਐਸ ਪੀ ਅਤੇ ਸਿਵਲ ਸਰਜਨ ਸ਼ਾਮਲ ਹੋਏ ਹਨ ਤੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪੰਜਾਬ ਸਰਕਾਰ ਵੱਲੋਂ ਗੰਭੀਰ ਕੋਵਿਡ ਹਾਲਾਤਾਂ ਕਾਰਨ ਹੋਰ ਸਖਤੀ ਕੀਤੀ ਜਾ ਸਕਦੀ ਹੈ ਤੇ ਕੁਝ ਵੱਡੇ ਫੈਸਲੇ ਸਰਕਾਰ ਵੱਲੋਂ ਕੀਤੇ ਜਾ ਸਕਦੇ ਹਨ।
ਪੰਜਾਬ ਵਿੱਚ ਕੋਰੋਨਾ ਆਪਣੇ ਪੈਰ ਤੇਜ਼ੀ ਨਾਲ ਪਸਾਰ ਰਿਹਾ ਹੈ ਤੇ ਭਿਆਨਕ ਹੁੰਦਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਬੀਤੇ ਦਿਨੀਂ ਪੰਜਾਬ ਵਿੱਚ ਕੋਰੋਨਾ ਦੇ 6812 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਲੁਧਿਆਣਾ ਜ਼ਿਲ੍ਹੇ ਵਿੱਚ ਹਾਲਾਤ ਵਿਗੜਦੇ ਨਜ਼ਰ ਆ ਰਹੇ ਹਨ, ਜਿਥੇ 1350 ਪਾਜ਼ੀਟਿਵ ਮਾਮਲਿਆਂ ਨਾਲ 18 ਮੌਤਾਂ ਹੋਈਆਂ ਹਨ। ਪੂਰੇ ਦੇਸ਼ ‘ਚ ਕੋਰੋਨਾ ਵਾਇਰਸ ਇੱਕ ਵਾਰ ਫਿਰ ਕਹਿਰ ਮਚਾ ਰਿਹਾ ਹੈ। ਰੋਜਾਨਾ ਵੱਡੀ ਗਿਣਤੀ ਦੇ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਤ ਕਾਫੀ ਚਿੰਤਾਜਨਕ ਬਣੇ ਹੋਏ ਹਨ । ਕੋਰੋਨਾ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਕਈ ਤਰ੍ਹਾਂ ਦੇ ਯਤਨ ਵੀ ਕੀਤੇ ਜਾ ਰਹੇ ਹਨ ਤੇ ਸਮੇਂ-ਸਮੇਂ ‘ਤੇ ਇਨ੍ਹਾਂ ਵਿਚ ਤਬਦੀਲੀਆਂ ਵੀ ਕੀਤੀਆਂ ਜਾ ਰਹੀਆਂ ਹਨ।