Dhirmal Sodhi was : ਧੀਰਮੱਲ ਸੋਢੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਦੇ ਘਰ ਮਾਤਾ ਅਨੰਤੀ ਦੀ ਕੁੱਖੋਂ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਨਗਰ ਵਿਚ 11 ਜਨਵਰੀ 1627 ਈ . ਨੂੰ ਪੈਦਾ ਹੋਇਆ। ਧੀਰਮੱਲ ਸ਼ੁਰੂ ਤੋਂ ਹੀ ਬੜੇ ਜ਼ਿੰਦੀ ਅਤੇ ਹਠੀ ਸੁਭਾਅ ਵਾਲਾ ਸਨ । ਜਦੋਂ ਹਰਗੋਬਿੰਦ ਸਾਹਿਬ ਕਰਤਾਰਪੁਰ ਤੋਂ ਕੀਰਤਪੁਰ ਚਲੇ ਗਏ ਤਾਂ ਇਹ ਕਰਤਾਰਪੁਰ ਹੀ ਰਹੇ ਅਤੇ ਭਾਈ ਗੁਰਦਾਸ ਦੁਆਰਾ ਲਿਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੂਲ ਬੀੜ ਨੂੰ ਆਪਣੇ ਕਬਜ਼ੇ ਵਿਚ ਹੀ ਰੱਖਿਆ । ਆਪਣੇ ਪਿਤਾ ਬਾਬਾ ਗੁਰਦਿੱਤਾ ਦੇ ਦੇਹਾਂਤ ਉਤੇ ਵੀ ਇਹ ਕੀਰਤਪੁਰ ਨਾ ਗਏ ਤਾਂ ਕਿ ਕਿਤੇ ਬੀੜ ਉਥੇ ਨਾ ਲੈ ਜਾਈ ਜਾਏ।
ਜਦੋਂ ਧੀਰਮੱਲ ਦਾ ਜਨਮ ਹੋਇਆ ਤਾਂ ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਇਹ ਸਾਡੇ ਤਾਇਆ ਪ੍ਰੀਥਚੰਦ ਵਰਗਾ ਹੀ ਨਿਕਲੇਗਾ ਜੋ ਹਮੇਸ਼ਾ ਹੀ ਗੁਰੂ ਤੋਂ ਵਖਰਾ ਹੋ ਕੇ ਚਲੇਗਾ । ਜਦੋਂ ਹਰਿਗੋਬਿੰਦ ਜੀ ਨੇ ਇਸ ਦੇ ਛੋਟੇ ਭਰਾ ( ਗੁਰੂ ) ਹਰਿਰਾਇ ਜੀ ਨੂੰ ਆਪਣਾ ਉਤਰਾਧਿਕਾਰੀ ਬਣਾਇਆ , ਤਾਂ ਇਸ ਨੇ ਕਰਤਾਰਪੁਰ ਵਿਚ ਸਮਾਨਾਂਤਰ ਗੱਦੀ ਕਾਇਮ ਕਰ ਲਈ ਅਤੇ ਮਸੰਦ ਵੀ ਨਿਯੁਕਤ ਕੀਤੇ । ਗੁਰੂ ਹਰਿਰਾਇ ਦੁਆਰਾ ਬਾਬਾ ਰਾਮ ਰਾਇ ਨੂੰ ਛੇਕੇ ਜਾਣ ‘ਤੇ ਇਸ ਨੇ ਉਸ ਨਾਲ ਸੰਪਰਕ ਕਾਇਮ ਕਰ ਲਿਆ । ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਭਾਈ ਮੱਖਣ ਸ਼ਾਹ ਲੁਬਾਣੇ ਨੇ ਬਾਬੇ ਬਕਾਲੇ ਵਿਚ ਲੱਭ ਲਿਆ ਤਾਂ ਧੀਰਮੱਲ ਤੋਂ ਜਰਿਆ ਨ ਗਿਆ । ਉਸ ਨੇ ਆਪਣੇ ਮਹੰਤ ਸ਼ੀਹਾਂ ਨਾਲ ਹੋਰ ਬੰਦੇ ਭੇਜ ਕੇ ਗੁਰੂ ਜੀ ਉਪਰ ਗੋਲੀ ਚਲਵਾਈ ਅਤੇ ਘਰ ਦਾ ਸਾਰਾ ਸਾਮਾਨ ਲੁੱਟ ਲਿਆਂਦਾ । ਪ੍ਰਤਿਕ੍ਰਿਆ ਵਜੋਂ ਗੁਰ ਦੇ ਸਿੱਖ ਧੀਰਮੱਲ ਦੇ ਘਰ ਦਾ ਸਾਰਾ ਸਾਮਾਨ ਲੁਟ ਲਿਆਏ ਅਤੇ ਆਦਿ ਬੀੜ ਵੀ ਲੈ ਆਏ । ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਸ ਗੱਲ ਦਾ ਪਤਾ ਲਗਾ ਤਾਂ ਉਨ੍ਹਾਂ ਨੇ ਸਭ ਕੁਝ ਧੀਰਮੱਲ ਦੇ ਘਰ ਪਰਤਾ ਦਿੱਤਾ । ਬੀੜ ਵੀ ਵਾਪਸ ਕਰ ਦਿੱਤੀ ਜੋ ਹੁਣ ਉਥੇ ਹੀ ਸੁਰਖਿਅਤ ਹੈ ਅਤੇ ‘ ਕਰਤਾਰਪੁਰੀ ਬੀੜ ‘ ਦੇ ਨਾਂ ਨਾਲ ਪ੍ਰਸਿੱਧ ਹੈ ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਔਰੰਗਜ਼ੇਬ ਬਾਦਸ਼ਾਹ ਨੇ ਇਸ ਨੂੰ ਵੀ ਦਿੱਲੀ ਤਲਬ ਕੀਤਾ ਅਤੇ ਰਣਥਮਭੋਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ । ਉਥੇ ਹੀ 16 ਨਵੰਬਰ 1677 ਈ . ਨੂੰ ਇਸ ਦਾ ਦੇਹਾਂਤ ਹੋ ਗਿਆ । ਇਸ ਦੇ ਵੰਸ਼ਜ ਕਰਤਾਰਪੁਰੀਏ ਸੋਢੀ ਅਖਵਾਉਂਦੇ ਹਨ ਅਤੇ ਇਨ੍ਹਾਂ ਦੇ ਸਥਾਨ ਦਾ ਨਾਂ ‘ ਡੇਰਾ ਧੀਰਮੱਲ ਹੈ।