Ddca ground staff test positive : ਇੰਡੀਅਨ ਪ੍ਰੀਮੀਅਰ ਲੀਗ (IPL) ‘ਤੇ ਕੋਵਿਡ -19 ਦੀ ਲਾਗ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਸੋਮਵਾਰ ਨੂੰ, ਦਿੱਲੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਗਰਾਊਂਡ ਸਟਾਫ ਦੇ ਪੰਜ ਮੈਂਬਰ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਇਸ ਘਟਨਾ ਤੋਂ ਬਾਅਦ, ਦਿੱਲੀ ਵਿੱਚ ਆਈਪੀਐਲ ਮੈਚ 8 ਮਈ ਤੱਕ ਮੁਲਤਵੀ ਕਰ ਦਿੱਤੇ ਗਏ ਹਨ। ਹੁਣ ਆਈਪੀਐਲ 2021 ‘ਤੇ ਕੋਰੋਨਾ ਭਾਰੀ ਪੈਦਾ ਜਾ ਰਿਹਾ ਹੈ। ਚੇਨਈ ਸੁਪਰਕਿੰਗਜ਼(CSK) ਦੇ ਦੋ ਸਟਾਫ ਮੈਂਬਰ ਅਤੇ ਇੱਕ ਬੱਸ ਚਾਲਕ ਵੀ ਪੌਜੇਟਿਵ ਪਾਇਆ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ ਅਤੇ CSK ਟੀਮ ਨੇ ਅਭਿਆਸ ਨੂੰ ਰੱਦ ਕਰ ਦਿੱਤਾ ਹੈ। ਕੋਰੋਨਾ ਦੇ ਡਰ ਕਾਰਨ ਕੁੱਝ ਵਿਦੇਸ਼ੀ ਖਿਡਾਰੀਆਂ ਨੇ ਇਸ ਲੀਗ ਨੂੰ ਅੱਧ ਵਿਚਾਲੇ ਛੱਡ ਦਿੱਤਾ ਹੈ ਅਤੇ ਆਪਣੇ ਦੇਸ਼ ਵਾਪਿਸ ਵੀ ਪਰਤ ਗਏ ਹਨ।
ਦੱਸਣਯੋਗ ਹੈ ਕਿ ਤੈਅ ਸ਼ਡਿਊਲ ਅਨੁਸਾਰ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਕਾਰ ਮੈਚ ਖੇਡਿਆ ਜਾਣਾ ਸੀ, ਪਰ ਕੇਕੇਆਰ ਦੇ ਦੋ ਖਿਡਾਰੀਆਂ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਦੇ ਕੋਰੋਨਾ ਪੌਜੇਟਿਵ ਆਉਣ ਕਾਰਨ ਮੈਚ ਦੇ ਪ੍ਰੋਗਰਾਮ ਨੂੰ ਬਦਲਣਾ ਪਿਆ। ਮੈਚ ਸੋਮਵਾਰ ਸ਼ਾਮ 7:30 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਣਾ ਸੀ। ਆਈਪੀਐਲ ਨੇ ਇੱਕ ਮੀਡੀਆ ਰਿਲੀਜ਼ ‘ਚ ਕਿਹਾ, “ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਪਿੱਛਲੇ ਚਾਰ ਦਿਨਾਂ ਵਿੱਚ ਤੀਜੇ ਗੇੜ ਦੀ ਟੈਸਟਿੰਗ ਦੌਰਾਨ ਸਕਾਰਾਤਮਕ ਪਾਏ ਗਏ ਹਨ। ਟੀਮ ਦੇ ਬਾਕੀ ਸਾਰੇ ਮੈਂਬਰ ਨੈਗੇਟਿਵ ਪਾਏ ਗਏ ਹਨ। ਦੋਵੇਂ ਖਿਡਾਰੀ ਬਾਕੀ ਟੀਮ ਤੋਂ ਅਲਗ ਹੋ ਗਏ ਹਨ, ਮੈਡੀਕਲ ਟੀਮ ਦੋਵਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ, ਅਤੇ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਰੱਖ ਰਹੀ ਹੈ।” ਰਿਲੀਜ਼ ਵਿੱਚ ਇਹ ਵੀ ਕਿਹਾ ਗਿਆ ਹੈ,”ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ) ਅਤੇ ਕੋਲਕਾਤਾ ਨਾਈਟ ਰਾਈਡਰਜ਼ ਲਈ ਹਰ ਕਿਸੇ ਦੀ ਸਿਹਤ ਅਤੇ ਸੁਰੱਖਿਆ ਪਹਿਲ ਹੈ, ਅਤੇ ਇਸ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ।”