India reports 3.57 lakh new cases: ਦੇਸ਼ ਵਿੱਚ ਕੋਰੋਨਾ ਦੀ ਰਫ਼ਤਾਰ ਬੇਲਗਾਮ ਹੁੰਦੀ ਜਾ ਰਹੀ ਹੈ । ਮੰਗਲਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 2 ਕਰੋੜ ਨੂੰ ਪਾਰ ਕਰ ਗਈ। ਭਾਰਤ ਅਜਿਹਾ ਦੂਸਰਾ ਦੇਸ਼ ਹੈ, ਜਿੱਥੇ 2 ਕਰੋੜ ਤੋਂ ਵੱਧ ਲੋਕ ਕੋਰੋਨਾ ਦਾ ਸ਼ਿਕਾਰ ਹੋਏ ਹਨ। ਸੰਕਰਮਣ ਦੀ ਰਫਤਾਰ ਇੰਨੀ ਤੇਜ਼ ਹੈ ਕਿ ਮਹਿਜ਼ 137 ਦਿਨਾਂ ਵਿੱਚ ਮਾਮਲੇ 1 ਕਰੋੜ ਤੋਂ 2 ਕਰੋੜ ਦੇ ਪਾਰ ਪਹੁੰਚ ਗਏ ਹਨ। ਜੇਕਰ ਇੱਥੇ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਭਰ ਵਿੱਚ ਕੋਰੋਨਾ ਦੇ 3 ਲੱਖ 57 ਹਜ਼ਾਰ 229 ਨਵੇਂ ਕੇਸ ਸਾਹਮਣੇ ਆਏ ਹਨ, ਉੱਥੇ ਹੀ 3449 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ 3,20,289 ਲੋਕ ਵੀ ਠੀਕ ਹੋਏ ਹਨ ।
ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 2 ਕਰੋੜ 2 ਲੱਖ 75 ਹਜ਼ਾਰ 543 ਤੱਕ ਪਹੁੰਚ ਗਈ ਹੈ, ਜੋ ਕਿ ਲਾਗ ਦੇ ਕੁੱਲ ਮਾਮਲਿਆਂ ਦਾ 17.13 ਪ੍ਰਤੀਸ਼ਤ ਹੈ । ਦੇਸ਼ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 2 ਲੱਖ 22 ਹਜ਼ਾਰ 666 ਹੋ ਗਈ ਹੈ । ਹੁਣ ਤੱਕ 1.62 ਕਰੋੜ ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ । ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 34 ਲੱਖ 44 ਹਜ਼ਾਰ 548 ਹੋ ਗਈ ਹੈ।
ਸਭ ਤੋਂ ਜ਼ਿਆਦਾ ਮੌਤਾਂ ਵਾਲੇ ਦੇਸ਼ਾਂ ਵਿੱਚ ਭਾਰਤ ਮੈਕਸੀਕੋ ਨੂੰ ਪਛਾੜ ਕੇ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ । ਇੱਥੇ ਹੁਣ ਤੱਕ 2 ਲੱਖ 18 ਹਜ਼ਾਰ 945 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਮਾਮਲੇ ਵਿੱਚ ਅਮਰੀਕਾ ਪਹਿਲੇ ਨੰਬਰ ‘ਤੇ ਹੈ। ਇੱਥੇ 5.92 ਲੱਖ ਮੌਤਾਂ ਹੋਈਆਂ ਹਨ ਅਤੇ ਬ੍ਰਾਜ਼ੀਲ ਵਿੱਚ 4.07 ਲੱਖ ਮੌਤਾਂ ਹੋ ਚੁੱਕੀਆਂ ਹਨ। ਚੌਥੇ ਨੰਬਰ ‘ਤੇ ਪਹੁੰਚੇ ਮੈਕਸੀਕੋ ਵਿੱਚ ਹੁਣ ਤੱਕ 2.17 ਲੱਖ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਦੱਸ ਦੇਈਏ ਕਿ ਸੋਮਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਦੀ ਲਾਗ ਦੇ 48,621 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਰਾਜ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 47,71,022 ਹੋ ਗਈ ਹੈ । ਮਹਾਰਾਸ਼ਟਰ ਵਿੱਚ ਪਿਛਲੇ 30 ਦਿਨਾਂ ਵਿੱਚ ਪਹਿਲੀ ਵਾਰ ਸੋਮਵਾਰ ਨੂੰ ਇੱਕੋ ਦਿਨ ਵਿੱਚ ਨਵੇਂ ਕੇਸਾਂ ਦੀ ਗਿਣਤੀ 50,000 ਤੋਂ ਘੱਟ ਦਰਜ ਕੀਤੀ ਗਈ ਹੈ। ਰਾਜ ਵਿੱਚ ਕੋਵਿਡ ਦੇ 567 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 70,851 ਹੋ ਗਈ ਹੈ।