CM Nitish kumar announces: ਬਿਹਾਰ ਵਿੱਚ ਕੋਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਸਰਕਾਰ ਨੇ 15 ਮਈ ਤੱਕ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ । ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਲਾਕਡਾਊਨ ਦਾ ਐਲਾਨ ਕਰਦਿਆਂ ਕਿਹਾ ਕਿ ਕੈਬਨਿਟ ਦੇ ਪ੍ਰਸਤਾਵ ‘ਤੇ ਅਸੀਂ ਅੱਜ ਲਾਕਡਾਊਨ ਲਗਾਉਣ ਦਾ ਫੈਸਲਾ ਕੀਤਾ ਹੈ ਅਤੇ ਲਾਕਡਾਊਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ।
ਦਰਅਸਲ, ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਟਵੀਟ ਕਰਦਿਆਂ ਕਿਹਾ, “ਕੱਲ ਸਹਿਯੋਗੀ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਬਿਹਾਰ ਵਿੱਚ ਫਿਲਹਾਲ 15 ਮਈ 2021 ਤੱਕ ਲਾਕਡਾਊਨ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ, ਇਸ ਦੇ ਬਾਰੇ ਦਿਸ਼ਾ-ਨਿਰਦੇਸ਼ ਤੇ ਹੋਰ ਗਤੀਵਿਧੀਆਂ ਦੇ ਸਬੰਧ ਵਿੱਚ ਅੱਜ ਹੀ ਆਫ਼ਤ ਮੈਨੇਜਮੈਂਟ ਗਰੁੱਪ (Crisis management Group) ਨੂੰ ਕਾਰਵਾਈ ਕਰਨ ਲਈ ਨਿਰਦੇਸ਼ ਦਿੱਤਾ ਗਿਆ ਹੈ ।”
ਗੌਰਤਬ ਹੈ ਕਿ ਬਿਹਾਰ ਵਿੱਚ ਕੋਰੋਨਾ ਦੀ ਲਾਗ ਦੀ ਰਫਤਾਰ ਬੇਕਾਬੂ ਹੋ ਗਈ ਹੈ। ਇਸ ਨਾਲ ਹਸਪਤਾਲਾਂ ਵਿੱਚ ਬੈੱਡ ਅਤੇ ਆਕਸੀਜਨ ਦੀ ਘਾਟ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਦੇ ਮਾਮਲਿਆਂ ਦੀ ਚੇਨ ਤੋੜਨ ਲਈ ਬਿਹਾਰ ਸਰਕਾਰ ‘ਤੇ ਲਾਕਡਾਊਨ ਲਗਾਉਣ ਦਾ ਦਬਾਅ ਵੱਧ ਰਿਹਾ ਸੀ। ਪਟਨਾ ਹਾਈ ਕੋਰਟ ਨੇ ਵੀ ਸਰਕਾਰ ਨੂੰ ਪੁੱਛਿਆ ਕਿ ਉਹ ਲਾਕਡਾਊਨ ਲਗਾਵੇਗੀ ਜਾਂ ਅਸੀਂ ਕੋਈ ਫੈਸਲਾ ਲਈਏ।
ਦੱਸ ਦੇਈਏ ਕਿ ਬਿਹਾਰ ਵਿੱਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 5 ਲੱਖ ਨੂੰ ਪਾਰ ਕਰ ਗਈ ਹੈ । ਰਾਜ ਵਿੱਚ ਹੁਣ ਤੱਕ 509047 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਇਨ੍ਹਾਂ ਵਿੱਚੋਂ 398558 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂ ਕਿ 107667 ਲੋਕ ਅਜੇ ਵੀ ਪਾਜ਼ੀਟਿਵ ਹਨ। ਰਾਜ ਵਿੱਚ ਹੁਣ ਤੱਕ ਕੋਰੋਨਾ ਕਾਰਨ 2821 ਲੋਕਾਂ ਦੀ ਮੌਤ ਹੋ ਚੁੱਕੀ ਹੈ।