Asaram Bapu corona positive: ਰਾਜਸਥਾਨ ਦੇ ਜੋਧਪੁਰ ਸੈਂਟ੍ਰਲ ਜੇਲ੍ਹ ਵਿੱਚ ਬੰਦ ਆਸਾਰਾਮ ਦੀ ਤਬੀਅਤ ਵਿਗੜ ਗਈ ਹੈ । ਸਿਹਤ ਵਿਗੜਨ ਤੋਂ ਬਾਅਦ ਉਸਨੂੰ ਐਮਜੀਐਚ ਕੋਵਿਡ ਸੈਂਟਰ ਭੇਜਿਆ ਗਿਆ ਹੈ । ਆਸਾਰਾਮ ਕੋਰੋਨਾ ਤੋਂ ਪੀੜਤ ਹਨ । ਤਿੰਨ ਦਿਨ ਪਹਿਲਾਂ ਉਸ ਵਿੱਚ ਕੋਰੋਨਾ ਦੇ ਲੱਛਣ ਵੇਖੇ ਗਏ ਸਨ, ਜਿਸ ਤੋਂ ਬਾਅਦ ਉਸਦੀ ਜਾਂਚ ਕੀਤੀ ਗਈ ਸੀ। ਬੁੱਧਵਾਰ ਸ਼ਾਮ ਨੂੰ ਜਾਂਚ ਸੈਂਪਲ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਦਰਅਸਲ, 80 ਸਾਲਾਂ ਤੋਂ ਵੱਧ ਉਮਰ ਦੇ ਆਸਾਰਾਮ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ । ਇਸ ਤੋਂ ਪਹਿਲਾਂ ਆਸਾਰਾਮ ਦੇ ਕੋਰੋਨਾ ਦੇ ਲੱਛਣ ਹੋਰ ਵਧਦੇ ਗਏ ਅਤੇ ਉਸਨੂੰ ਸਾਹ ਲੈਣ ਵਿੱਚ ਮੁਸ਼ਕਿਲ ਆਉਣ ਲੱਗ ਗਈ। ਜੇਲ੍ਹ ਪ੍ਰਸ਼ਾਸਨ ਨੇ ਆਸਾਰਾਮ ਨੂੰ ਹਸਪਤਾਲ ਭੇਜ ਦਿੱਤਾ । ਆਸਾਰਾਮ ਦੀ ਤਬੀਅਤ ਵਿਗੜਨ ਦੀ ਖ਼ਬਰ ਸੁਣਦਿਆਂ ਹੀ ਉਨ੍ਹਾਂ ਦੇ ਕਈ ਸਮਰਥਕ ਹਸਪਤਾਲ ਪਹੁੰਚ ਗਏ ਹਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜੇਲ੍ਹ ਵਿੱਚ ਉਸਦੀ ਤਬੀਅਤ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ਦੇ ਮਹੀਨੇ ਵਿੱਚ ਹੀ ਆਸਾਰਾਮ ਨੂੰ ਤਬੀਅਤ ਖਰਾਬ ਹੋਣ ਦੀ ਸ਼ਿਕਾਇਤ ਤੋਂ ਬਾਅਦ ਮਹਾਤਮਾ ਗਾਂਧੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ । ਫਰਵਰੀ ਵਿੱਚ ਵੀ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਆਸਾਰਾਮ ਨੂੰ ਹਸਪਤਾਲ ਲਿਜਾਇਆ ਗਿਆ ਸੀ।
ਦੱਸ ਦੇਈਏ ਕਿ ਜੋਧਪੁਰ ਦੀ ਸੈਂਟ੍ਰਲ ਜੇਲ੍ਹ ਵਿੱਚ ਪਿਛਲੇ ਮਹੀਨੇ ਹੀ ਕਰੀਬ ਇੱਕ ਦਰਜਨ ਕੈਦੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਸਾਰੇ ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਜੇਲ੍ਹ ਦੀ ਡਿਸਪੈਂਸਰੀ ਵਿੱਚ ਆਈਸੋਲੇਟ ਕੀਤਾ ਗਿਆ ਸੀ। ਇਸ ਦੌਰਾਨ ਹੁਣ ਹੋਰ ਕੈਦੀਆਂ ਨੂੰ ਵੀ ਕੋਰੋਨਾ ਦੀ ਲਾਗ ਦੇ ਲੱਛਣ ਦੇਖਣ ਨੂੰ ਮਿਲੇ ਹਨ। ਇਸ ਦੇ ਨਾਲ ਹੀ ਆਸਾਰਾਮ ਦੀ ਤਬੀਅਤ ਵਿਗੜਨ ਤੋਂ ਬਾਅਦ ਜੇਲ੍ਹ ਵਿੱਚ ਕੋਰੋਨਾ ਦੇ ਸੰਕਰਮਣ ਦੀ ਸੰਭਾਵਨਾ ਹੋਰ ਵੱਧ ਗਈ ਹੈ।