The newborn baby : ਅੰਮ੍ਰਿਤਸਰ: ਗੇਟ ਹਕੀਮਾ ਨੇੜੇ ਇਲਾਕੇ ਵਿਚ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਨਮ ਤੋਂ ਤੁਰੰਤ ਬਾਅਦ ਨਵਜੰਮੇ ਬੱਚੇ ਨੂੰ ਗੰਦੇ ਨਾਲੇ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਚੱਲਦੇ ਆਟੋ ਤੋਂ ਬੱਚੇ ਨੂੰ ਸੁੱਟਦਿਆਂ ਉਹ ਨਾਲੇ ਦੇ ਕਿਨਾਰੇ ਝਾੜੀਆਂ ਵਿਚ ਡਿੱਗ ਪਈ ਅਤੇ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ। ਸਾਰੀ ਰਾਤ ਨਾਲੇ ਦੇ ਕਿਨਾਰੇ ਪਏ ਰਹਿਣ ਕਾਰਨ ਲੜਕੀ ਦੀ ਮੌਤ ਹੋ ਗਈ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਦੋਂ ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਨੂੰ ਜਾਣਕਾਰੀ ਮਿਲੀ ਤਾਂ ਐਸੋਸੀਏਸ਼ਨ ਦੇ ਮੈਂਬਰ ਰਾਖੀ ਬੇਦੀ, ਅਜੈ ਸ਼ਿੰਗਾਰੀ ਨੇ ਮੌਕੇ ਤੇ ਪਹੁੰਚ ਕੇ ਵੇਖਿਆ ਕਿ ਬੱਚੀ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ‘ਤੇ ਥਾਣਾ ਹਕੀਮਾ ਅਤੇ ਚੌਕੀ ਉਨਗੜ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਚੌਕੀ ਇੰਚਾਰਜ ਦਿਲਬਾਗ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਤਫ਼ਤੀਸ਼ ਕੀਤੀ ਤਾਂ ਉਸ ਵੇਲੇ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਜਿਸ ਵਿਚ ਇਹ ਦੇਖਿਆ ਗਿਆ ਹੈ ਕਿ ਅੱਧੀ ਰਾਤ ਨੂੰ ਇਕ ਆਟੋ ਗੰਦੇ ਨਾਲੇ ਦੇ ਨੇੜਿਓਂ ਲੰਘਿਆ। ਬੱਚੀ ਨੂੰ ਚੱਲ ਰਹੇ ਆਟੋ ਵਿਚੋਂ ਬਾਹਰ ਸੁੱਟ ਦਿੱਤਾ ਗਿਆ। ਐਸੋਸੀਏਸ਼ਨ ਦੇ ਚੇਅਰਮੈਨ ਡਾ: ਰੋਹਨ ਮਹਿਰਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਵੀ ਲੋਕ ਲੜਕੀਆਂ ਨੂੰ ਮਾਰਨ ਤੋਂ ਝਿਜਕ ਨਹੀਂ ਕਰ ਰਹੇ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਸ਼ਰਮਨਾਕ ਹਰਕਤ ਵਿੱਚ ਸ਼ਾਮਲ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।