Guru Tegh Bahadur : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਆਦਰਸ਼ਕ ਸ਼ਖਸੀਅਤ ਮਾਨਵਤਾ ਨੂੰ ਮੁਕੰਮਲ ਆਜ਼ਾਦੀ ਦੇ ਰਾਹ ਤੋਰਨ ਵਾਲੀ ਹੈ। ਮੁਗ਼ਲ ਹਕੂਮਤ ਦੇ ਕੱਟੜਵਾਦੀ ਬਾਦਸ਼ਾਹ ਔਰੰਗਜ਼ੇਬ ਦੀਆਂ ਉਮੀਦਾਂ ਅਤੇ ਮਾਨਵਤਾ ਵਿਰੋਧੀ ਗਤੀਵਿਧੀਆਂ ਦੇ ਅੰਤ ਲਈ ਗੁਰੂ ਸਾਹਿਬ ਦੀ ਸ਼ਹਾਦਤ ਮਿਸਾਲੀ ਹੈ। ਸਭ ਤੋਂ ਵੱਡੇ ਸਾਮਰਾਜ ਮੁਗ਼ਲ ਸਲਤਨਤ ਦੀ ਰਾਜ ਸ਼ਕਤੀ ਨੂੰ ਗੁਰੂ ਸਾਹਿਬ ਦੀ ਚੁਣੌਤੀ ਮਾਨਵਤਾ ਲਈ ਇਕ ਸੁਖਦ ਅਹਿਸਾਸ ਸਾਬਤ ਹੋਈ। ਮਾਨਵਤਾ ਦੇ ਹਮਦਰਦ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜਾ ਦਾ ਜਨਮ ਮਾਤਾ ਨਾਨਕੀ ਜੀ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਅੰਮ੍ਰਿਤਸਰ ਵਿਖੇ ਗੁਰਦੁਆਰਾ ਗੁਰੂ ਕੇ ਮਹਿਰ ਦੇ ਸਥਾਨ ‘ਤੇ 1621ਈ. ਨੂੰ ਹੋਇਆ। ਆਪ ਛੇਵੇਂ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ।ਆਪ ਜੀ ਨੇ ਮੁਗਲਾਂ ਨਾਲ ਕਰਤਾਰਪੁਰ ਦੀ ਜੰਗ ਵਿਚ ਵਡੇ ਸੂਰਬੀਰਾਂ ਦੀ ਤਰ੍ਹਾਂ ਅਨੋਖੀ ਬਹਾਦਰੀ ਦਿਖਾਈ ਅਤੇ ਆਪਣੇ ਆਪ ਨੂੰ ਤੇਗ ਦੇ ਧਨੀ ਸਾਬਤ ਕੀਤਾ।
ਪੰਡਿਤਾਂ ਦੇ ਦੁਖੀ ਮਨਾਂ ਦੀ ਫਰਿਆਦ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਰਵ ਉੱਚ ਕੁਰਬਾਨੀ ਲਈ ਤਿਆਰ ਕਰ ਦਿੱਤਾ ਅਤੇ ਗੁਰੂ ਜੀ ਨੇ ਬ੍ਰਾਹਮਣਾਂ ਰਾਹੀਂ ਇਹ ਸੁਨੇਹਾ ਹੁਕਮਰਾਨਾ ਅਤੇ ਸਮੁੱਚੇ ਦੇਸ਼ ਵਾਸੀਆਂ ਨੂੰ ਵੀ ਦੇ ਦਿੱਤਾ ਕਿ ਉਹ ਆਪਣੀ ਸ਼ਹਾਦਤ ਦੇ ਕੇ ਤੁਅੱਸਬ ਦੀ ਸ਼ਿਕਾਰ ਮਜ਼ਲੂਮ ਜਨਤਾ ਵਿਚ ਨਵੀਂ ਰੂਹ ਫੂਕਣਗੇ। ਸ੍ਰੀ ਗੁਰੂ ਤੇਗ ਬਹਦਾਰ ਸਾਹਿਬ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਚਾਂਦਨੀ ਚੌਕ ਪਹੁੰਚ ਕੇ ਆਪਣੀ ਸ਼ਹਾਦਤ ਦਿੱਤੀ ਸੀ। ਸ੍ਰੀ ਗੁਰੂ ਤੇਗ ਬਹਦਾਰ ਨੇ ਬਹੁਤ ਸਮਾਂ ਪਹਿਲਾਂ ਵਿਚਾਰਾਂ ਦੀ ਆਜ਼ਾਦੀ ਲਈ ਸ਼ਹਾਦਤ ਦੇ ਦਿੱਤੀ ਸੀ। ਗੁਰੂ ਸਾਹਿਬ ਤਿਲਕ ਤੇ ਜਨੇਊ ਦੇ ਧਾਰਨੀ ਨਹੀਂ ਸਨ ਪਰ ਜਦੋਂ ਤਿਲਕ ਤੇ ਜਨੇਊ ਉਤਾਰਿਆ ਜਾਣ ਲੱਗਾ ਤਾਂ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਤਿਲਕ ਤੇ ਜਨੇਊ ਦੀ ਰੱਖਿਆ ਕੀਤੀ ਸੀ।