HC issues stay : ਪੰਜਾਬ ਦੇ ਨਿੱਜੀ ਸਕੂਲਾਂ ’ਚ ਸਿਰਫ਼ ਐੱਨਸੀਈਆਰਟੀ ਦੀ ਜਾਂ ਐੱਨਸੀਈਆਰਟੀ ਅਪਰੂਵਡ ਕਿਤਾਬਾਂ ਪੜ੍ਹਾਏ ਜਾਣ ਦੇ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਹਾਈ ਕੋਰਟ ਨੇ ਰੋਕ ਲਗਾਉਂਦੇ ਹੋਏ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।ਜਸਟਿਸ ਸੁਧੀਰ ਮਿੱਤਲ ਨੇ ਇਹ ਆਦੇਸ਼ ਪੰਜਾਬ ਸੀਬੀਐੱਸਈ ਐਫੀਲਿਏਟਿਡ ਸਕੂਲ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦੇ 12 ਮਾਰਚ ਤੇ ਫਿਰ 9 ਅਪ੍ਰੈਲ ਨੂੰ ਜਾਰੀ ਆਦੇਸ਼ਾਂ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਦਿੱਤੇ ਹਨ। ਪੰਜਾਬ ਸਰਕਾਰ ਨੇ ਪਹਿਲਾਂ 12 ਮਾਰਚ ਤੇ ਫਿਰ 9 ਅਪ੍ਰੈਲ ਨੂੰ ਸੂਬੇ ਦੇ ਐੱਨਸੀਈਆਰਟੀ ਤੋਂ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ਨੂੰ ਆਪਣੇ ਸਕੂਲਾਂ ’ਚ ਸਿਰਫ਼ ਐੱਨਸੀਈਆਰਟੀ ਤੋਂ ਪ੍ਰਕਾਸ਼ਿਤ ਜਾਂ ਐੱਨਸੀਈਆਰਟੀ ਅਪਰੂਵਡ ਕਿਤਾਬਾਂ ਹੀ ਪੜ੍ਹਾਏ ਜਾਣ ਦੇ ਆਦੇਸ਼ ਦੇ ਦਿੱਤੇ ਹਨ। ਉਹ ਆਪਣੇ ਸਕੂਲਾਂ ’ਚ ਇਨ੍ਹਾਂ ਤੋਂ ਇਲਾਵਾ ਹੋਰ ਕਿਸੇ ਨਿੱਜੀ ਪਬਲਿਸ਼ਰ ਦੀਆਂ ਕਿਤਾਬਾਂ ਨਹੀਂ ਪੜ੍ਹਾਉਣਗੇ ਅਤੇ ਜੇਕਰ ਕੋਈ ਸਕੂਲ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੀਬੀਐੱਸਈ ਐਫੀਲਿਏਟਿਡ ਸਕੂਲ ਐਸੋਸੀਏਸ਼ਨ ਨੇ ਇਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਨੂੰ ਕਿਹਾ ਕਿ ਪੰਜਾਬ ਸਰਕਾਰ ਦੇ ਇਹ ਆਦੇਸ਼ ਪੂਰੀ ਤਰ੍ਹਾਂ ਗਲਤ ਹਨ। ਹੁਣ ਪੰਜਾਬ ਸਰਕਾਰ ਨੇ ਇਹ ਸ਼ਰਤ ਲਗਾ ਦਿੱਤੀ ਹੈ ਤੇ ਵੈਸੇ ਵੀ ਐੱਨਸੀਈਆਰਟੀ ਦੀਆਂ ਇਤਿਹਾਸ ਦੀਆਂ ਕਿਤਾਬਾਂ ’ਤੇ ਕਈ ਵਾਰੀ ਇਤਰਾਜ਼ ਵੀ ਦਰਜ ਹੋ ਚੁੱਕੇ ਹਨ ਅਤੇ ਜਦੋਂ ਸੀਬੀਐੱਸਈ ਅਜਿਹੀ ਕੋਈ ਸ਼ਰਤ ਨਹੀਂ ਲਗਾ ਰਹੀ ਤਾਂ ਪੰਜਾਬ ਸਰਕਾਰ ਕਿਵੇਂ ਇਸ ਤਰ੍ਹਾਂ ਦੀ ਸ਼ਰਤ ਲਗਾ ਸਕਦੀ ਹੈ। ਇਸੇ ਲਈ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਇਸ ‘ਤੇ ਪੰਜਾਬ ਸਰਕਾਰ ਤੋਂ ਜਲਦ ਜਵਾਬ ਮੰਗਿਆ ਗਿਆ ਹੈ।