Municipal administration is : ਕੋਰੋਨਾ ਨੇ ਪੂਰੇ ਦੇਸ਼ ਵਿਚ ਤੜਥੱਲੀ ਮਚਾਈ ਹੋਈ ਹੈ ਤੇ ਇਸ ਦੀ ਦੂਜੀ ਲਹਿਰ ਕਾਫੀ ਖਤਰਨਾਕ ਵੀ ਸਾਬਤ ਹੋ ਰਹੀ ਹੈ। ਰੋਜ਼ਾਨਾ ਬਹੁਤ ਤੇਜ਼ ਰਫਤਾਰ ਨਾਲ ਕੋਵਿਡ-19 ਦੇ ਕੇਸ ਸਾਹਮਣੇ ਆ ਰਹੇ ਹਨ ਜਿਸ ਨਾਲ ਪ੍ਰਸ਼ਾਸਨ ਦੀਆਂ ਚਿੰਤਾਵਾਂ ਕਾਫੀ ਵੱਧ ਗਈਆਂ ਹਨ।
ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਤਹਿਤ ਸੂਬਾ ਸਰਕਾਰ ਨੇ 45 ਸਾਲ ਤੋਂ ਵੱਧ ਉਮਰ ਵਾਲੇ ਮੁਲਾਜ਼ਮ ਜਿਨ੍ਹਾਂ ਨੇ ਅਜੇ ਤੱਕ ਵੈਕਸੀਨ ਨਹੀਂ ਲਗਵਾਈ ਹੈ, ਨੂੰ ਆਫਿਸ ਆਉਣ ਦੀ ਬਜਾਏ ਛੁੱਟੀ ਲੈਣ ਲਈ ਕਿਹਾ ਹੈ ਉਥੇ ਦੂਜੇ ਪਾਸੇ ਨਗਰ ਨਿਗਮ ਪ੍ਰਸ਼ਾਸਨ ਨੇ ਵੀ ਇਸ ਮਾਮਲੇ ਨੂੰ ਲੈ ਕੇ ਸਖਤ ਕਦਮ ਚੁੱਕ ਰਿਹਾ ਹੈ।
ਇਸ ਸਬੰਧੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 45 ਸਾਲ ਤੋਂ ਵੱਧ ਉਮਰ ਵਾਲੇ ਮੁਲਾਜ਼ਮਾਂ ਦੀ ਸਿਹਤ ਦੇ ਮੱਦੇਨਜ਼ਰ ਕੋਰੋਨਾ ਵੈਕਸੀਨ ਲਗਵਾਉਣਾ ਲਾਜ਼ਮੀ ਕਿਹਾ ਗਿਆ ਹੈ ਪਰ ਫਿਰ ਵੀ ਕੁਝ ਮੁਲਾਜ਼ਮ ਇਸ ਪ੍ਰਤੀ ਅਣਗੌਲੇ ਹਨ ਅਤੇ ਅਜੇ ਤੱਕ ਉਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਹੈ। ਸਰਕਾਰ ਵੱਲੋਂ ਮੁਫਤ ਵੈਕਸੀਨ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇਸ ਲਈ ਜਗ੍ਹਾ-ਜਗ੍ਹਾ ਕੈਂਪ ਵੀ ਲਗਾਏ ਗਏ ਪਰ ਬਾਵਜੂਦ ਇਸ ਦੇ ਅਜੇ ਵੀ ਨਗਰ ਨਿਗਮ ਦੇ ਕੁਝ ਮੁਲਾਜ਼ਮ ਅਜਿਹੇ ਹਨ ਜੋ ਕੋਰੋਨਾ ਵੈਕਸੀਨੇਸ਼ਨ ਕਰਵਾਉਣ ਤੋਂ ਕਤਰਾ ਰਹੇ ਹਨ, ਜਿਸ ਕਾਰਨ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਸਖਤ ਸਟੈਂਡ ਲਿਆ ਗਿਆ ਹੈ।
ਨਗਰ ਨਿਗਮ ਪ੍ਰਸ਼ਾਸਨ ਨੇ ਇਹ ਐਲਾਨ ਕੀਤਾ ਹੈ ਕਿ ਨਗਰ ਨਿਗਮ ਦੇ ਜਿਹੜੇ ਮੁਲਾਜ਼ਮ ਵੈਕਸੀਨੇਸ਼ਨ ਨਹੀਂ ਕਰਵਾਉਂਦੇ ਉਨ੍ਹਾਂ ਦੀ ਇਸ ਵਾਰ ਦੀ ਤਨਖਾਹ ਨਹੀਂ ਦਿੱਤੀ ਜਾਵੇਗੀ ਅਤੇ ਬ੍ਰਾਂਚ ਇੰਚਾਰਜਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਇਸ ਲਈ ਇਕ ਹਫਤੇ ਦਾ ਸਮਾਂ ਉਨ੍ਹਾਂ ਨੂੰ ਦਿੱਤਾ ਗਿਆ ਹੈ ਤਾਂ ਜੋ ਉਹ ਵੈਕਸੀਨੇਸ਼ਨ ਕਰਵਾ ਸਕਣ।