Delhi Mount Carmel School: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲੋਕਾਂ ਨੂੰ ਕੋਰੋਨਾ ਪੀੜਤਾਂ ਦੇ ਇਲਾਜ ਲਈ ਬੈੱਡਾਂ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿੱਚ ਦਿੱਲੀ ਦੇ ਇੱਕ ਨਿੱਜੀ ਸਕੂਲ ਨੇ ਆਪਣੇ ਆਡੀਟੋਰੀਅਮ ਨੂੰ ਇੱਕ ਕੋਰੋਨਾ ਕੇਅਰ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਹੈ।
ਦਰਅਸਲ, ਦੁਆਰਕਾ ਵਿੱਚ ਸਥਿਤ ਮਾਉਂਟ ਕਾਰਮੇਲ ਸਕੂਲ ਦਿੱਲੀ ਦਾ ਪਹਿਲਾ ਪ੍ਰਾਈਵੇਟ ਸਕੂਲ ਹੈ ਜਿਸ ਨੇ ਆਪਣੇ ਆਡੀਟੋਰੀਅਮ ਵਿੱਚ 40 ਬੈੱਡਾਂ ਦਾ ਕੋਰੋਨਾ ਕੇਅਰ ਸੈਂਟਰ ਤਿਆਰ ਕੀਤਾ ਹੈ । ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਮਾਉਂਟ ਕਾਰਮੇਲ ਸਕੂਲ ਸੁਸਾਇਟੀ ਦੁਆਰਕਾ ਵੱਲੋਂ ਸ਼ੁਰੂ ਕੀਤੇ ਗਏ 40 ਬੈੱਡਾਂ ਦੇ ਵਿਜੇ ਵਿਲੀਅਮ ਕੋਰੋਨਾ ਕੇਅਰ ਸੈਂਟਰ ਦਾ ਦੌਰਾ ਕੀਤਾ।
ਇਸ ਦੀ ਖਾਸ ਗੱਲ ਇਹ ਹੈ ਕਿ ਸਕੂਲ ਦੇ ਆਡੀਟੋਰੀਅਮ ਵਿੱਚ ਬਣੇ ਇਸ ਕੋਵਿਡ ਸੈਂਟਰ ਵਿੱਚ ਆਕਸੀਜਨ ਬੈੱਡ, ਆਕਸੀਜਨ ਕੰਸਨਟ੍ਰੇਟਰਸ ਅਤੇ ਸਾਰੀਆਂ ਲੋੜੀਂਦੀਆਂ ਦਵਾਈਆਂ ਉਪਲਬਧ ਹਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਇਸ ਕੋਰੋਨਾ ਕੇਅਰ ਸੈਂਟਰ ਨੂੰ ਲੋੜ ਪੈਣ ‘ਤੇ ਕਿਸੇ ਵੀ ਵੱਡੇ ਹਸਪਤਾਲ ਨਾਲ ਵੀ ਜੋੜਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਕੂਲ ਦੇ ਸੰਸਥਾਪਕ ਡਾ: ਵੀ.ਕੇ. ਵਿਲੀਅਮ ਦੀ ਇੱਕ ਹਫ਼ਤਾ ਪਹਿਲਾਂ ਮੌਤ ਤੋਂ ਬਾਅਦ ਵੀ ਮੁਸ਼ਕਿਲ ਸਮੇਂ ਵਿੱਚ ਮਾਊਂਟ ਕਾਰਮੇਲ ਸਕੂਲ ਵੱਲੋਂ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਮਨੁੱਖਤਾ ਨਾਲ ਭਰਿਆ ਹੋਇਆ ਹੈ । ਇਸ ਕੇਂਦਰ ਵਿੱਚ ਮੌਜੂਦ ਬੈੱਡ ਅਤੇ ਹੋਰ ਸਹੂਲਤਾਂ ਸਾਨੂੰ ਆਤਮ-ਵਿਸ਼ਵਾਸ ਦਿੰਦੀ ਹੈ ਕਿ ਸਾਡੇ ਕੋਲ ਇਸ ਸੰਕਟ ਨਾਲ ਲੜਨ ਲਈ ਸਰੋਤ ਹਨ।