Delhi Covid 19 care centre: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਵਿਚਾਲੇ ਦਿੱਲੀ ਵਿੱਚ ਮਰੀਜ਼ਾਂ ਲਈ ਅਸਥਾਈ ਹਸਪਤਾਲ ਤਿਆਰ ਕਰਨ ਦੀ ਮੁਹਿੰਮ ਵੀ ਤੇਜ਼ ਹੋ ਗਈ ਹੈ। ਸੋਮਵਾਰ ਨੂੰ ਕੇਂਦਰੀ ਦਿੱਲੀ ਦੇ ਰਕਾਬ ਗੰਜ ਗੁਰੂਦੁਆਰਾ ਸਾਹਿਬ ਦੇ ਦਰਵਾਜ਼ੇ ਕੋਰੋਨਾ ਪੀੜਤਾਂ ਲਈ ਖੋਲ੍ਹ ਦਿੱਤੇ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਰਕਾਰ ਨੇ ਮਿਲ ਕੇ ਨਵੇਂ ਕੋਰੋਨਾ ਹਸਪਤਾਲ ਵਿੱਚ ਸਹੂਲਤਾਂ ਦਾ ਪ੍ਰਬੰਧ ਕੀਤਾ ਹੈ।
ਦਰਅਸਲ, ਰਕਾਬ ਗੰਜ ਗੁਰਦੁਆਰਾ ਸਾਹਿਬ ਵਿੱਚ ਕੋਰੋਨਾ ਪੀੜਤਾਂ ਦੇ ਇਲਾਜ ਲਈ 400 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ । ਸਾਰੇ 400 ਬੈੱਡਾਂ ‘ਤੇ ਆਕਸੀਜਨ ਦੀ ਵਿਵਸਥਾ ਕੀਤੀ ਗਈ ਹੈ । ਇੱਥੇ ਦਾਖਲ ਕੋਰੋਨਾ ਪੀੜਤਾਂ ਨੂੰ ਲੋੜ ਅਨੁਸਾਰ 5 ਲੀਟਰ ਤੋਂ 20 ਲੀਟਰ ਤੱਕ ਆਕਸੀਜਨ ਉਪਲਬਧ ਕਰਵਾਉਣ ਦੀ ਸੁਵਿਧਾ ਇੱਕ ਬੈੱਡ ‘ਤੇ ਮਿਲ ਸਕਦੀ ਹੈ। ਹਾਲ ਹੀ ਵਿੱਚ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੇ ਵੀ ਇਸ ਟ੍ਰੀਟਮੈਂਟ ਸੈਂਟਰ ਲਈ 2 ਕਰੋੜ ਰੁਪਏ ਦਾਨ ਕੀਤੇ ਹਨ।
ਸੋਮਵਾਰ ਨੂੰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਅਤੇ ਐਲਐਨਜੇਪੀ ਹਸਪਤਾਲ ਦੇ ਡਾਇਰੈਕਟਰ ਡਾ. ਸੁਰੇਸ਼ ਕੁਮਾਰ ਨੇ ਵੀ ਰਕਾਬ ਗੰਜ ਗੁਰਦੁਆਰੇ ਦੇ ਕੋਵਿਡ ਕੇਂਦਰ ਦਾ ਦੌਰਾ ਕੀਤਾ । ਗੁਰੂਦੁਆਰਾ ਵਿਖੇ ਕੋਰੋਨਾ ਪੀੜਤਾਂ ਦਾ ਇਲਾਜ਼ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਸਿਹਤ ਮੰਤਰੀ ਸਤੇਂਦਰ ਜੈਨ, ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਨਜਿੰਦਰ ਸਿੰਘ ਸਿਰਸਾ ਅਤੇ ਪ੍ਰਬੰਧਕ ਕਮੇਟੀ ਨਾਲ ਜੁੜੇ ਕਈ ਲੋਕਾਂ ਨੇ ਅਰਦਾਸ ਵੀ ਕੀਤੀ।
ਰਕਾਬ ਗੰਜ ਗੁਰੂਦਆਰਾ ਸਾਹਿਬ ਵਿੱਚ ਬਣੇ ਅਸਥਾਈ ਹਸਪਤਾਲ ਨੂੰ “ਸ੍ਰੀ ਗੁਰੂ ਤੇਗ ਬਹਾਦਰ ਕੋਵਿਡ-19 ਮੈਡੀਕਲ ਆਈਸੋਲੇਸ਼ਨ ਅਤੇ ਟ੍ਰੀਟਮੈਂਟ ਸੈਂਟਰ ਦਾ ਨਾਮ ਦਿੱਤਾ ਗਿਆ ਹੈ । ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਸੇ ਵੀ ਕੋਰੋਨਾ ਸੰਕ੍ਰਮਿਤ ਨੂੰ ਕਿਤੇ ਫੋਨ ਕਰਨ ਦੀ ਜਰੂਰਤ ਨਹੀਂ ਹੋਵੇਗੀ। ਪਰਿਵਾਰ ਮਰੀਜ਼ ਨੂੰ ਸਿੱਧਾ ਰਕਾਬ ਗੰਜ ਦੇ ਟ੍ਰੀਟਮੈਂਟ ਸੈਂਟਰ ਵਿਖੇ ਲਿਆ ਸਕਦਾ ਹੈ ।
ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਅਸਥਾਈ ਹਸਪਤਾਲ ਤਿਆਰ ਕੀਤਾ ਹੈ । ਇਸ ਆਈਸੋਲੇਸ਼ਨ ਐਂਡ ਟ੍ਰੀਟਮੈਂਟ ਸੈਂਟਰ ਦਾ ਨਾਮ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਰੱਖਿਆ ਗਿਆ ਹੈ ਅਤੇ ਇੱਥੇ 400 ਬੈੱਡਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ । ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਸੇਮੀ ਹਸਪਤਾਲ ਹੈ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਤਿਆਰ ਕੀਤਾ ਗਿਆ ਹੈ।