bc achievement community award 2021: ਬੀ.ਸੀ. ਅਚੀਵਮੈਂਟ ਫਾਊਂਡੇਸ਼ਨ ਵੱਲੋਂ ਸਾਲ 2021 ਦੇ ਬੀਸੀ ਅਚੀਵਮੈਂਟ ਕਮਿਊਨਿਟੀ ਐਵਾਰਡਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਅਵਾਰਡ ਪ੍ਰਾਪਤ ਕਰਨ ਵਾਲਿਆਂ ਵਿਚੋਂ ਪੰਜ ਦੱਖਣ ਏਸ਼ੀਆਈ ਹਨ ਜਿਨ੍ਹਾਂ ਦੀ ਘੋਸ਼ਣਾ ਇਸ ਹਫ਼ਤੇ ਬੀਸੀ ਅਚੀਵਮੈਂਟ ਫਾਊਂਡੇਸ਼ਨ ਦੀ ਚੇਅਰ ਪ੍ਰੀਮੀਅਰ ਜੌਨ ਹੌਰਗਨ ਅਤੇ ਐਨ ਗਿਰਦਿਨੀ ਦੁਆਰਾ ਕੀਤੀ ਗਈ ਸੀ। ਇਹ ਸਨਮਾਨ ਹਾਸਲ ਕਰਨ ਵਾਲੀਆਂ 25 ਸ਼ਖ਼ਸੀਅਤਾਂ ਵਿਚ ਚਾਰ ਮਾਣਮੱਤੇ ਪੰਜਾਬੀ – ਹਰਭਜਨ ਸਿੰਘ ਅਠਵਾਲ (ਨਿਊ ਵੈਸਟਮਿੰਸਟਰ), ਕੈਲ ਦੁਸਾਂਝ (ਸਰੀ), ਡਾ. ਬਲਬੀਰ ਗੁਰਮ (ਸਰੀ) ਅਤੇ ਨਿਰਮਲ ਪਰਮਾਰ (ਟੈਰੇਸ) ਸ਼ਾਮਲ ਹਨ। ਬੰਗਲਾ ਦੇਸ਼ ਦੀ ਜੰਮਪਲ ਜ਼ੇਬਾ ਖਾਨ (ਵੈਨਕੂਵਰ) ਨੂੰ ਇਹ ਫ਼ਖ਼ਰ ਹਾਸਲ ਹੋਇਆ ਹੈ।
ਇਹ ਐਲਾਨ ਬੀ.ਸੀ. ਦੇ ਪ੍ਰੀਮੀਅਰ ਜੌਨ ਹੌਰਗਨ ਅਤੇ ਬੀਸੀ ਅਚੀਵਮੈਂਟ ਫਾਊਂਡੇਸ਼ਨ ਦੀ ਚੇਅਰ ਪਰਸਨ ਐਨ ਗਿਰਦਿਨੀ ਵੱਲੋਂ ਕੀਤਾ ਗਿਆ ਹੈ। ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਹੈ ਕਿ ਇਹ ਐਵਾਰਡ ਬ੍ਰਿਟਿਸ਼ ਕੋਲੰਬੀਆਂ ਦੇ ਉਨ੍ਹਾਂ ਉੱਘੀਆਂ ਸ਼ਖ਼ਸੀਅਤਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ ਜਿਨ੍ਹਾਂ ਬਿਨਾਂ ਕਿਸੇ ਭੇਦਭਾਵ ਤੋਂ ਅਜੋਕੇ ਚੁਣੌਤੀਪੂਰਨ ਸਮੇਂ ਦੌਰਾਨ ਆਪਣੇ ਭਾਈਚਾਰਿਆਂ ਨੂੰ ਮਜ਼ਬੂਤ ਕਰਨ ਵਿਚ ਮਾਣਯੋਗ ਕਾਰਜ ਕੀਤਾ ਹੈ। ਬੀਸੀ ਅਚੀਵਮੈਂਟ ਫਾਊਂਡੇਸ਼ਨ ਦੀ ਚੇਅਰ ਪਰਸਨ ਐਨ ਗਿਰਦਿਨੀ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਇਨ੍ਹਾਂ 25 ਮਹਾਨ ਵਿਅਕਤੀਆਂ ਨੂੰ ਵਿਸ਼ੇਸ਼ ਸਨਮਾਨ ਦਾ ਮਕਸਦ ਉਨ੍ਹਾਂ ਦੇ ਵਡੇਰੇ ਕਾਰਜਾਂ ਨੂੰ ਮਾਨਤਾ ਦੇਣਾ ਹੈ। ਇਹ ਸਨਮਾਨ ਅਸਲ ਵਿਚ ਬੀਸੀ ਸੂਬੇ ਦਾ ਸਭ ਤੋਂ ਉੱਤਮ ਸਨਮਾਨ ਹੈ ਅਤੇ ਸਾਨੂੰ ਸਾਰਿਆਂ ਨੂੰ ਲੋਕ ਸੇਵਾ ਅਤੇ ਮਹਾਨਤਾ ਲਈ ਪ੍ਰੇਰਿਤ ਕਰਦਾ ਹੈ।