ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੇ 10 ਰਾਜਾਂ ਦੇ ਮੁੱਖ ਮੰਤਰੀਆਂ ਅਤੇ ਉਨ੍ਹਾਂ ਰਾਜਾਂ ਦੇ 54 ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ।
ਇਹ ਗੱਲਬਾਤ ਅੱਜ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ । ਜ਼ਿਲ੍ਹਿਆਂ ਵਿੱਚ ਕੋਰੋਨਾ ਦੀ ਸਥਿਤੀ ਕੀ ਹੈ ਅਤੇ ਇਸ ਨੂੰ ਕਿਵੇਂ ਰੋਕਿਆ ਜਾਵੇ, ਇਸ ਬਾਰੇ ਵਿਚਾਰ-ਵਟਾਂਦਰੇ ਕੀਤੇ ਜਾਣਗੇ । ਮਮਤਾ ਬੈਨਰਜੀ ਵੀ ਅੱਜ ਦੀ ਗੱਲਬਾਤ ਵਿੱਚ ਸ਼ਾਮਿਲ ਹੋਣਗੇ ।
ਇਹ ਵੀ ਪੜ੍ਹੋ: ਮੁੰਬਈ ਹਮਲੇ ‘ਚ NSG ਕਮਾਂਡੋ ਦੀ ਅਗਵਾਈ ਕਰਨ ਵਾਲੇ ਜੇ. ਕੇ. ਦੱਤ ਦਾ ਕੋਰੋਨਾ ਨਾਲ ਹੋਇਆ ਦੇਹਾਂਤ
ਦਰਅਸਲ, ਅੱਜ ਪੱਛਮੀ ਬੰਗਾਲ ਸਮੇਤ ਉੱਤਰ ਪ੍ਰਦੇਸ਼, ਛੱਤੀਸਗੜ੍ਹ, ਪੁਡੂਚੇਰੀ, ਰਾਜਸਥਾਨ, ਮਹਾਰਾਸ਼ਟਰ, ਝਾਰਖੰਡ, ਉੜੀਸਾ, ਕੇਰਲਾ ਅਤੇ ਹਰਿਆਣਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਸ਼ਾਮਿਲ ਹਨ । ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ 18 ਮਈ ਨੂੰ 9 ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 46 ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ।
ਜ਼ਿਕਰਯੋਗ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੋਵਿਡ ਤੋਂ ਪ੍ਰਭਾਵਿਤ 46 ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ (DM) ਨਾਲ ਆਪਣੀ ਪਹਿਲੀ ਗੱਲਬਾਤ ਵਿੱਚ ਕਿਹਾ ਸੀ ਕਿ ਬਹੁਤ ਵੱਡੇ ਪੈਮਾਨੇ ‘ਤੇ ਕੋਰੋਨਾ ਵੈਕਸੀਨ ਦੀ ਸਪਲਾਈ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ।
ਇਹ ਵੀ ਪੜ੍ਹੋ: ਹੁਣ ਲੋਕ ਘਰ ‘ਚ ਹੀ ਕਰ ਸਕਣਗੇ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਕਾਕਰਨ ਕੋਵਿਡ ਨਾਲ ਲੜਨ ਦਾ ਇੱਕ ਸ਼ਕਤੀਸ਼ਾਲੀ ਢੰਗ ਹੈ, ਇਸ ਲਈ ਸਾਨੂੰ ਇੱਕਜੁੱਟ ਹੋ ਕੇ ਸਾਰੀਆਂ ਉਲਝਣਾਂ ਨੂੰ ਦੂਰ ਕਰਨਾ ਪਵੇਗਾ ।
ਪ੍ਰਧਾਨ ਮੰਤਰੀ ਨੇ ਬਾਅਦ ਵਿੱਚ ਦਵਾਈਆਂ ਅਤੇ ਉਪਕਰਣਾਂ ਦੀ ਕਾਲਾ ਬਾਜ਼ਾਰੀ ‘ਤੇ ਰੋਕ ਲਗਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਕਿਹਾ, ”ਜੇਕਰ ਤੁਹਾਨੂੰ ਲੱਗਦਾ ਹੈ ਕਿ ਰਾਜ ਜਾਂ ਕੇਂਦਰੀ ਪੱਧਰ ‘ਤੇ ਸਥਾਪਿਤ ਰਣਨੀਤੀਆਂ ਵਿੱਚ ਤਬਦੀਲੀ ਜਾਂ ਨਵੀਨਤਾ ਲਿਆਉਣ ਦੀ ਜ਼ਰੂਰਤ ਹੈ, ਤਾਂ ਕਿਰਪਾ ਕਰਕੇ ਅੱਗੇ ਵਧੋ ਅਤੇ ਸੁਝਾਓ ਮੇਰੇ ਜਾਂ ਮੇਰੇ ਦਫਤਰ ਨਾਲ ਸਾਂਝਾ ਕਰਨ ਵਿੱਚ ਸੰਕੋਚ ਨਾ ਕਰੋ।”