ਕੇਂਦਰ ਸਰਕਾਰ ਨੇ ਭਾਰਤ ਵਿੱਚ ਕੋਰੋਨਾ ਵਾਇਰਸ ਲਈ ‘ਇੰਡੀਅਨ ਵੇਰੀਐਂਟ’ ਸ਼ਬਦ ਦੀ ਵਰਤੋਂ ਨੂੰ ਲੈ ਕੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ ।
ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ (ਆਈ.ਟੀ. ਮੰਤਰਾਲੇ) ਨੇ ਇਨ੍ਹਾਂ ਕੰਪਨੀਆਂ ਨੂੰ ਲਿਖਤੀ ਐਡਵਾਈਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਆਪਣੇ ਪਲੇਟਫਾਰਮ ਤੋਂ ਅਜਿਹੀ ਸਾਰੀ ਸਮੱਗਰੀ ਹਟਾਉਣ ਲਈ ਕਿਹਾ ਹੈ ਜਿਸ ਵਿੱਚ ਕੋਰੋਨਾ ਵਾਇਰਸ ਲਈ ‘ਇੰਡੀਅਨ ਵੇਰੀਐਂਟ’ ਸ਼ਬਦ ਵਰਤਿਆ ਗਿਆ ਹੈ ।
ਸਰਕਾਰ ਦਾ ਕਹਿਣਾ ਹੈ ਕਿ ‘ਇੰਡੀਅਨ ਵੇਰੀਐਂਟ’ ਵਰਗੇ ਸ਼ਬਦਾਂ ਦੀ ਵਰਤੋਂ ਗਲਤ ਜਾਣਕਾਰੀ ਫੈਲਾਉਂਦੀ ਹੈ ਅਤੇ ਇਸ ਦੇ ਨਾਲ ਹੀ ਦੇਸ਼ ਦਾ ਅਕਸ ਵੀ ਖਰਾਬ ਹੁੰਦਾ ਹੈ। ਕੇਂਦਰ ਸਰਕਾਰ ਨੇ ਆਪਣੀ ਐਡਵਾਈਜ਼ਰੀ ਵਿੱਚ ਇਹ ਸਪੱਸ਼ਟ ਕੀਤਾ ਕਿ, “ਅਜਿਹੇ ਸ਼ਬਦਾਂ ਦੀ ਵਰਤੋਂ ਪੂਰੀ ਤਰ੍ਹਾਂ ਗਲਤ ਹੈ ।
ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਆਪਣੀ ਕਿਸੇ ਵੀ ਰਿਪੋਰਟ ਵਿੱਚ ਭਾਰਤ ਵਿੱਚ ਮਿਲੇ ਕੋਰੋਨਾ ਵਾਇਰਸ ਦੇ B.1.617 ਦੇ ਵੇਰੀਐਂਟ ਲਈ ‘ਇੰਡੀਅਨ ਵੇਰੀਐਂਟ’ ਸ਼ਬਦ ਵਰਤਿਆ ਨਹੀਂ ਗਿਆ ਹੈ।”
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਇਸ ਸਬੰਧ ਵਿੱਚ ਆਈਟੀ ਮੰਤਰਾਲੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ‘ਤੇ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਜਿਸ ਦੇ ਅਨੁਸਾਰ ਕੋਰੋਨਾ ਵਾਇਰਸ ਦਾ ਇੱਕ ‘ਭਾਰਤੀ ਰੂਪ’ ਸਾਰੇ ਦੇਸ਼ਾਂ ਵਿੱਚ ਫੈਲ ਰਿਹਾ ਹੈ।
ਦੱਸ ਦਈਏ ਕਿ 11 ਮਈ ਨੂੰ WHO ਨੇ ਕਿਹਾ ਸੀ ਕਿ ਪਿਛਲੇ ਸਾਲ ਭਾਰਤ ਵਿੱਚ ਪਹਿਲੀ ਵਾਰ ਮਿਲਿਆ ਕੋਰੋਨਾ ਵਾਇਰਸ ਦਾ B.1.617 ਰੂਪ, ਵਿਸ਼ਵਵਿਆਪੀ ਚਿੰਤਾ ਦਾ ਵਿਸ਼ਾ ਹੈ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਇੱਕ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ, “ਮੀਡੀਆ ਰਿਪੋਰਟਾਂ ਬਿਨ੍ਹਾਂ ਕਿਸੇ ਆਧਾਰ ਦੇ ‘ਇੰਡੀਅਨ ਵੇਰੀਐਂਟ’ ਸ਼ਬਦ ਦੀ ਵਰਤੋਂ ਕਰ ਰਹੀਆਂ ਹਨ।
ਵਿਸ਼ਵ ਸਿਹਤ ਸੰਗਠਨ ਨੇ ਵੀ ਆਪਣੀ ਇੱਕ ਵੀਰਿਪੋਰਟ ਵਿੱਚ ਭਾਰਤ ਵਿੱਚ ਕੋਰੋਨਾ ਵਾਇਰਸ ਦੇ B.1.617 ਵੇਰੀਐਂਟ ਲਈ ਇੰਡੀਅਨ ਵੇਰੀਐਂਟ ਸ਼ਬਦ ਦੀ ਵਰਤੋਂ ਨਹੀਂ ਕੀਤੀ ਹੈ।”