ਦੇਸ਼ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਲੱਖਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਆਮ ਤੋਂ ਲੈ ਕੇ ਖ਼ਾਸ ਤੱਕ ਲੋਕ ਇਸ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਵਾਤਾਵਰਣ ਪ੍ਰੇਮੀ ਸੁੰਦਰ ਲਾਲ ਬਹੁਗੁਣਾ ਦਾ ਵੀ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ ।
ਇਹ ਜਾਣਕਾਰੀ ਰਿਸ਼ੀਕੇਸ਼ ਏਮਜ਼ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦਾ ਏਮਜ਼ ਵਿਖੇ ਇਲਾਜ ਚੱਲ ਰਿਹਾ ਸੀ। ਚਿਪਕੋ ਅੰਦੋਲਨ ਵਿੱਚ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹ 94 ਸਾਲਾਂ ਦੇ ਸੀ। ਕੋਰੋਨਾ ਸੰਕ੍ਰਮਣ ਤੋਂ ਬਾਅਦ ਉਨ੍ਹਾਂ ਨੂੰ ਰਿਸ਼ੀਕੇਸ਼ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ।
ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਆਖਰੀ ਸਾਹ ਲਏ । ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਕਾਰਨ ਉਨ੍ਹਾਂ ਦੀ ਆਕਸੀਜਨ ਬਹੁਤ ਘੱਟ ਗਈ ਸੀ, ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ । ਉਨ੍ਹਾਂ ਨੂੰ 8 ਮਈ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ।
ਦੱਸ ਦੇਈਏ ਕਿ ਸੁੰਦਰ ਲਾਲ ਬਹੁਗੁਣਾ ਦਾ ਜਨਮ ਉਤਰਾਖੰਡ ਦੇ ਟਿਹਰੀ ਵਿੱਚ ਹੋਇਆ ਸੀ। 13 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕੀਤੀ ਸੀ। ਸਾਲ 1956 ਵਿੱਚ ਆਪਣੇ ਵਿਆਹ ਤੋਂ ਬਾਅਦ ਉਨ੍ਹਾਂ ਨੇ ਰਾਜਨੀਤਿਕ ਜੀਵਨ ਤੋਂ ਸੰਨਿਆਸ ਲੈ ਲਿਆ ਸੀ ।
ਗੌਰਤਲਬ ਹੈ ਕਿ ਉਨ੍ਹਾਂ ਨੇ ਟਿਹਰੀ ਦੇ ਆਸ-ਪਾਸ ਵਿੱਚ ਸ਼ਰਾਬ ਖਿਲਾਫ ਇੱਕ ਮੋਰਚਾ ਖੋਲ੍ਹਿਆ ਸੀ । 1960 ਦੇ ਦਹਾਕੇ ਵਿੱਚ ਉਨ੍ਹਾਂ ਨੇ ਆਪਣਾ ਧਿਆਨ ਜੰਗਲਾਂ ਅਤੇ ਰੁੱਖਾਂ ਦੀ ਸੁਰੱਖਿਆ ‘ਤੇ ਕੇਂਦਰਿਤ ਕੀਤਾ। ਚਿਪਕੋ ਅੰਦੋਲਨ ਵਿੱਚ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
1970 ਵਿੱਚ ਜੰਗਲਾਂ ਅਤੇ ਰੁੱਖਾਂ ਦੀ ਸੁਰੱਖਿਆ ਲਈ ਉਨ੍ਹਾਂ ਨੇ ਇੱਕ ਲਹਿਰ ਸ਼ੁਰੂ ਕੀਤੀ, ਜੋ ਜਲਦੀ ਹੀ ਪੂਰੇ ਭਾਰਤ ਵਿਚ ਫੈਲ ਗਈ ਸੀ। ਚਿਪਕੋ ਲਹਿਰ ਉਸ ਦਾ ਹਿੱਸਾ ਸੀ। 26 ਮਾਰਚ, 1974 ਨੂੰ ਜਦੋਂ ਠੇਕੇਦਾਰਾਂ ਦੇ ਕਰਮਚਾਰੀ ਦਰੱਖਤਾਂ ਨੂੰ ਕੱਟਣ ਲਈ ਉਥੇ ਪਹੁੰਚੇ ਸਨ ਤਾਂ ਚਮੋਲੀ ਜ਼ਿਲ੍ਹੇ ਦੀਆਂ ਪੇਂਡੂ ਔਰਤਾਂ ਦਰੱਖਤ ਨਾਲ ਚਿੰਬੜ ਕੇ ਖੜ੍ਹੀਆਂ ਹੋ ਗਈਆਂ । ਜਸੀ ਤੋਂ ਬਾਅਦ ਇਹ ਵਿਰੋਧ ਪ੍ਰਦਰਸ਼ਨ ਦੇਸ਼ ਭਰ ਵਿੱਚ ਫੈਲ ਗਿਆ ।
ਇਹ ਵੀ ਦੇਖੋ: ਲਾਕਡਾਊਨ ਨੇ ਤੋੜਿਆ ਲੱਕ, ਉੱਤੋਂ ਕੋਰੋਨਾ ਹੋ ਗਿਆ, ਫਿਰ ਮਾਰੀ ਕਿਸਮਤ ਨੇ ਪਲਟੀ, ਲੱਗੀ 5 ਕਰੋੜ ਦੀ ਲਾਟਰੀ