ਸੰਯੁਕਤ ਕਿਸਾਨ ਮੋਰਚੇ ਨੇ ਕੁੱਝ ਦਿਨ ਪਹਿਲਾ ਐਲਾਨ ਕੀਤਾ ਸੀ ਕਿ ਉਹ 26 ਮਈ ਨੂੰ ‘ਕਾਲੇ ਦਿਨ’ ਵਜੋਂ ਮਨਾਉਣਗੇ, ਦੱਸ ਦੇਈਏ ਕੇ 26 ਮਈ ਨੂੰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਛੇ ਮਹੀਨੇ ਪੂਰੇ ਹੋ ਜਾਣਗੇ।
ਪਰ ਦੌਰਾਨ ਹੁਣ ਪੰਜਾਬ ਕਾਂਗਰਸ ਦੇ ਵੱਡੇ ਆਗੂ ਨਵਜੋਤ ਸਿੰਘ ਸਿੱਧੂ ਨੇ ਵੀ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਣ ਵਾਲੇ ਨਵਜੋਤ ਸਿੱਧੂ ਨੇ ਕਿਸਾਨਾਂ ਦੇ ਜ਼ਰੀਏ ਇੱਕ ਵਾਰ ਫਿਰ ਆਪਣੀ ਅਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਨਵਜੋਤ ਸਿੱਧੂ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕੇ, “ਮੈਂ ਕੱਲ੍ਹ ਸਵੇਰ 9:30 ਵਜੇ ਆਪਣੇ ਦੋਹਾਂ ਘਰਾਂ (ਅੰਮ੍ਰਿਤਸਰ ਅਤੇ ਪਟਿਆਲਾ) ‘ਤੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਕਾਲਾ ਝੰਡਾ ਫਹਿਰਾਵਾਂਗਾI … ਮੇਰੀ ਸਭ ਨੂੰ ਬੇਨਤੀ ਹੈ ਕਿ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਜਾਂ ਫਿਰ ਸੂਬਾ ਸਰਕਾਰ ਰਾਹੀਂ ਫ਼ਸਲਾਂ ਦੀ ਖ੍ਰੀਦ ਤੇ ਜਿਣਸਾਂ ‘ਤੇ ਐਮ.ਐਸ.ਪੀ. ਯਕੀਨੀ ਬਣਾਉਣ ਲਈ ਕੋਈ ਵਿਕਲਪਕ ਹੱਲ ਨਹੀਂ ਕੱਢਿਆ ਜਾਂਦਾ ਤਦ ਤੱਕ ਅਜਿਹਾ (ਹਰ ਛੱਤ ‘ਤੇ ਕਾਲਾ ਝੰਡਾ) ਕੀਤਾ ਜਾਵੇ।”
ਦੱਸ ਦੇਈਏ ਕੇ ਇੱਕ ਵਰਚੂਅਲ ਪ੍ਰੈਸ ਕਾਨਫਰੰਸ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਵਿਵਾਦਪੂਰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 26 ਮਈ ਨੂੰ ਆਪਣੇ ਘਰਾਂ, ਵਾਹਨਾਂ ਅਤੇ ਦੁਕਾਨਾਂ ’ਤੇ ਕਾਲੇ ਝੰਡੇ ਗੱਡਣ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀ ਕੇ, “26 ਮਈ ਨੂੰ ਅਸੀਂ ਇਸ ਵਿਰੋਧ ਪ੍ਰਦਰਸ਼ਨ ਦੇ ਛੇ ਮਹੀਨੇ ਪੂਰੇ ਕਰ ਲਵਾਂਗੇ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਬਣੇ ਨੂੰ ਸੱਤ ਸਾਲ ਹੋ ਗਏ ਹਨ। ਅਸੀਂ ਇਸ ਨੂੰ ਕਾਲੇ ਦਿਨ ਵਜੋਂ ਮਨਾਵਾਂਗੇ।”
ਇਹ ਵੀ ਪੜ੍ਹੋ : FARMER PROTEST : 26 ਮਈ ਨੂੰ ਕਿਸਾਨ ਮਨਾਉਣਗੇ ‘ਕਾਲਾ ਦਿਵਸ’, ਕੀਤੇ ਕਈ ਵੱਡੇ ਐਲਾਨ
ਪੂਰੇ ਭਾਰਤ ਵਿੱਚ ਪਿੰਡਾਂ ਅਤੇ ਮੁਹੱਲਾ ਪੱਧਰ ‘ਤੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਜਿੱਥੇ ਕਿਸਾਨਾ ਵੱਲੋਂ ਦੁਪਹਿਰ 12 ਵਜੇ ਤੱਕ ਮੋਦੀ ਸਰਕਾਰ ਦੇ ਪੁਤਲੇ ਸਾੜੇ ਜਾਣਗੇ। ਕਿਸਾਨ ਉਸੇ ਦਿਨ ਆਪਣੇ ਘਰਾਂ ਅਤੇ ਵਾਹਨਾਂ ‘ਤੇ ਵੀ ਕਾਲੇ ਝੰਡੇ ਲਾਉਣਗੇ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਨੇ ਸਮੂਹ ਜਨਤਕ ਸੰਗਠਨਾਂ, ਟਰੇਡ ਯੂਨੀਅਨਾਂ, ਵਪਾਰੀਆਂ ਅਤੇ ਟਰਾਂਸਪੋਰਟਰਾਂ ਦੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਕਾਲਾ ਝੰਡਾ ਲਹਿਰਾਉਣ। ਦਿੱਲੀ ਦੇ ਸਾਰੇ ਮੋਰਚਿਆਂ ‘ਤੇ ਵੀ ਉਸ ਦਿਨ ਵਿਸ਼ਾਲ ਕਾਲੇ ਝੰਡੇ ਪ੍ਰਦਰਸ਼ਤ ਕੀਤੇ ਜਾਣਗੇ।
ਇਹ ਵੀ ਦੇਖੋ : ਕੀ ਮੂੰਹ ਦੇ ਛਾਲਿਆਂ ਤੋਂ ਵੀ ਹੋ ਸਕਦੀ ਹੈ ‘Black Fungus ‘ ? ਨਵੇਂ ਲੱਛਣਾਂ ਨੇ ਫਿਕਰਾਂ ‘ਚ ਪਾਏ ਲੋਕ !