ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਦੇਸ਼ ਵਿੱਚ ਕੋਵਿਡ-19 ਦੇ ਰੋਜ਼ਾਨਾ ਨਵੇਂ ਮਾਮਲੇ ਲਗਾਤਾਰ ਛੇਵੇਂ ਦਿਨ ਇੱਕ ਲੱਖ ਤੋਂ ਘੱਟ ਹਨ। ਇਸ ਤਰ੍ਹਾਂ, ਅਜਿਹਾ ਲਗਦਾ ਹੈ ਕਿ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਹੋ ਗਈ ਹੈ।
ਦਰਅਸਲ, ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਘੱਟ 80,834 ਨਵੇਂ ਕੇਸ ਦਰਜ ਕੀਤੇ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਨ੍ਹਾਂ ਨਵੇਂ ਕੇਸਾਂ ਦੀ ਆਮਦ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 2,94,39,989 ਹੋ ਗਈ ਹੈ।
ਪਿਛਲੇ 24 ਘੰਟਿਆਂ ਵਿੱਚ ਮਹਾਂਮਾਰੀ ਦੇ ਕਾਰਨ 3,303 ਦੀ ਮੌਤ ਹੋ ਗਈ, ਜਿਸ ਕਾਰਨ ਦੇਸ਼ ਦੀ ਕੋਰੋਨਾ ਮਰਨ ਵਾਲਿਆਂ ਦੀ ਗਿਣਤੀ ਹੁਣ 3,70,384 ਦੇ ਅੰਕੜੇ ‘ਤੇ ਪਹੁੰਚ ਗਈ ਹੈ। ਜਦੋਂ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 95.07% ਹੋ ਗਈ ਹੈ।
ਦੱਸ ਦੇਈਏ ਕਿ ਪਿਛਲੇ 71 ਦਿਨਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਇੰਨੀ ਘੱਟ ਦਰਜ ਕੀਤੀ ਗਈ ਹੈ। ਉੱਥੇ ਹੀ ਇਸ ਦੌਰਾਨ ਦੇਸ਼ ਵਿੱਚ ਲਗਭਗ 1,32,062 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰੀ ਅੰਕੜਿਆਂ ਅਨੁਸਾਰ ਕਈ ਦਿਨਾਂ ਬਾਅਦ ਦੇਸ਼ ਵਿੱਚ ਨਵੇਂ ਕੇਸਾਂ ਵਿੱਚ ਭਾਰੀ ਕਮੀ ਦੇ ਵਿਚਕਾਰ ਮਰਨ ਵਾਲਿਆਂ ਦੀ ਗਿਣਤੀ ਵੀ ਘੱਟ ਹੋ ਗਈ ਹੈ।
ਗੌਰਤਲਬ ਹੈ ਕਿ ਦੇਸ਼ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਘਟ ਕੇ 10,26,159 ਰਹਿ ਗਈ ਹੈ, ਜੋ ਕਿ ਕੋਰੋਨਾ ਦੇ ਕੁੱਲ ਕੇਸਾਂ ਦਾ ਲਗਭਗ 3.60% ਹੈ। ਮੰਤਰਾਲੇ ਨੇ ਕਿਹਾ ਕਿ ਭਾਰਤ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 64 ਦਿਨਾਂ ਬਾਅਦ 11 ਲੱਖ ਤੋਂ ਵੀ ਘੱਟ ਹੈ, ਜਦੋਂ ਕਿ 80,834 ਨਵੇਂ ਕੇਸ 24 ਘੰਟਿਆਂ ਵਿਚ ਆਏ, ਜੋ ਕਿ 71 ਦਿਨਾਂ ਵਿਚ ਸਭ ਤੋਂ ਘੱਟ ਹਨ। ਮੰਤਰਾਲੇ ਨੇ ਕਿਹਾ ਕਿ ਰੋਜ਼ਾਨਾ ਸੰਕ੍ਰਮਣ ਦੀ ਦਰ 4.39 ਪ੍ਰਤੀਸ਼ਤ ਦਰਜ ਕੀਤੀ ਗਈ । ਇਹ ਲਗਾਤਾਰ 21 ਵੇਂ ਦਿਨ 10% ਤੋਂ ਘੱਟ ਰਹੀ ਹੈ।