ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਰੋਜ਼ਾਨਾ ਦਰਜ ਕੀਤੇ ਜਾ ਰਹੇ ਨਵੇਂ ਕੇਸਾਂ ਦੀ ਗਿਣਤੀ ਹੁਣ ਘੱਟ ਕੇ 60,000 ਰਹਿ ਗਈ ਹੈ। ਕੋਰੋਨਾ ਦੇ ਮਾਮਲਿਆਂ ਵਿੱਚ ਆਈ ਕਮੀ ਰਾਹਤ ਦੀ ਗੱਲ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਸੰਕ੍ਰਮਣ ਦੇ 60,753 ਨਵੇਂ ਕੇਸ ਦਰਜ ਕੀਤੇ ਗਏ । ਇਸ ਦੌਰਾਨ 1,647 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ 3,85,137 ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: ਨਹੀਂ ਰਹੇ ਫਲਾਇੰਗ ਸਿੱਖ ‘ਮਿਲਖਾ ਸਿੰਘ’, PGI ਲਏ ਆਪਣੇ ਆਖ਼ਰੀ ਸਾਹ
ਦਰਅਸਲ, ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 97 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਏ ਹਨ, ਜਦੋਂ ਕਿ ਹੁਣ ਤੱਕ ਕੁੱਲ 2 ਕਰੋੜ 86 ਲੱਖ ਤੋਂ ਵੱਧ ਲੋਕ ਇਸ ਵਾਇਰਸ ਨੂੰ ਹਰਾਉਣ ਵਿੱਚ ਸਫਲ ਹੋਏ ਹਨ । ਨਵੇਂ ਕੇਸਾਂ ਨਾਲੋਂ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਦੇ ਕਾਰਨ ਸਰਗਰਮ ਮਾਮਲਿਆਂ ਵਿੱਚ ਕਮੀ ਆਈ ਹੈ। ਫਿਲਹਾਲ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 7,60,019 ਹੈ।
ਗੌਰਤਲਬ ਹੈ ਕਿ ਪਿਛਲੇ 24 ਘੰਟਿਆਂ ਵਿੱਚ ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ 37ਵੇਂ ਦਿਨ ਵਧੇਰੇ ਰਹੀ। ਰੋਜ਼ਾਨਾ ਲਾਗ ਦੀ ਦਰ ਘੱਟ ਕੇ 2.98 ਪ੍ਰਤੀਸ਼ਤ ‘ਤੇ ਗਈ ਹੈ, ਜੋ ਲਗਾਤਾਰ 12 ਦਿਨਾਂ ਤੋਂ 5 ਪ੍ਰਤੀਸ਼ਤ ਤੋਂ ਹੇਠਾਂ ਰਹਿ ਗਈ ਹੈ।
ਦੱਸ ਦੇਈਏ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 19 ਲੱਖ ਤੋਂ ਵੱਧ ਕੋਰੋਨਾ ਟੈਸਟ ਕੀਤੇ ਗਏ ਹਨ ਜਦੋਂਕਿ 18 ਜੂਨ ਤੱਕ 38 ਕਰੋੜ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਟੀਕੇ ਦੀਆਂ 33,00,085 ਡੋਜ਼ ਲੋਕਾਂ ਨੂੰ ਦਿੱਤੀਆਂ ਗਈਆਂ, ਜਦਕਿ ਹੁਣ ਤੱਕ ਕੁੱਲ 27,23,88,783 ਟੀਕੇ ਲਗਵਾਏ ਜਾ ਚੁੱਕੇ ਹਨ।