ਭਾਰਤ ਵਿੱਚ ਕੋਵਿਡ-19 ਦੇ ਡੈਲਟਾ ਵੈਰੀਐਂਟ ਦਾ ਖਤਰਾ ਵੱਧਦਾ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਡੈਲਟਾ ਪਲੱਸ ਵੈਰੀਐਂਟ ਨਾਲ ਸੰਕਰਮਿਤ ਇੱਕ 80 ਸਾਲਾਂ ਬਜ਼ੁਰਗ ਦੀ ਮੌਤ ਹੋ ਗਈ ਹੈ, ਜਦੋਂ ਕਿ ਰਾਜ ਵਿੱਚ ਕੁੱਲ 21 ਮਰੀਜ਼ ਡੈਲਟਾ ਵੈਰੀਐਂਟ ਨਾਲ ਸੰਕਰਮਿਤ ਹਨ ।
ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਇਹ ਦਾਅਵਾ ਜਲਨਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ । ਕੋਰੋਨਾ ਕਾਰਨ ਦੇਸ਼ ਵਿੱਚ ਇਹ ਦੂਜੀ ਮੌਤ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ ਇਹ ਪਹਿਲੀ ਮੌਤ ਹੈ ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ 30 ਜੂਨ ਤੱਕ ਵਧਾਈਆਂ ਕੋਰੋਨਾ ਪਾਬੰਦੀਆਂ, IELTS ਸੈਂਟਰ ਖੋਲ੍ਹਣ ਦੀ ਦਿੱਤੀ ਇਜਾਜ਼ਤ
ਰਾਜੇਸ਼ ਟੋਪੇ ਨੇ ਕਿਹਾ ਕਿ ਮਹਾਰਾਸ਼ਟਰ ਦੇ 36 ਜ਼ਿਲ੍ਹਿਆਂ ਵਿੱਚ ਹਰ ਮਹੀਨੇ 100 ਸੈਂਪਲ ਲਏ ਹਨ । ਮਹਾਰਾਸ਼ਟਰ ਵਿੱਚ ਹਾਲੇ ਵੱਡੇ ਪੈਮਾਨੇ ‘ਤੇ ਮਰੀਜ਼ ਸਾਹਮਣੇ ਨਹੀਂ ਆ ਰਹੇ, ਇਸਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਦੇ ਟ੍ਰੈਵਲ ਹਿਸਟਰੀ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ । ਡੈਲਟਾ ਪਲੱਸ ਵੈਰੀਐਂਟ ਦੇ ਖ਼ਤਰੇ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਤੋਂ ਵੀ ਮਦਦ ਲਈ ਜਾ ਰਹੀ ਹੈ।
ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸੰਸਥਾ ਐਨਸੀਡੀਸੀ ਸੂਬਾ ਸਰਕਾਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਕੇਂਦਰ ਸਰਕਾਰ ਦੀ ਮਦਦ ਕਰ ਰਹੀ ਹੈ । ਮੱਧ ਪ੍ਰਦੇਸ਼ ਦੇ ਉੱਜੈਨ ਵਿੱਚ ਡੈਲਟਾ ਪਲੱਸ ਵੈਰੀਐਂਟ ਦੇ ਦੋ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ।
ਦੱਸ ਦੇਈਏ ਕਿ ਦੇਸ਼ ਵਿੱਚ ਡੈਲਟਾ ਪਲੱਸ ਵੈਰੀਐਂਟ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ । ਦੇਸ਼ ਦੇ 6 ਰਾਜਾਂ ਵਿੱਚ 40 ਮਾਮਲੇ ਸਾਹਮਣੇ ਆ ਚੁੱਕੇ ਹਨ । ਮਹਾਰਾਸ਼ਟਰ ਇਸ ਜਾਨਲੇਵਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ । ਜੰਮੂ-ਕਸ਼ਮੀਰ ਅਤੇ ਤਾਮਿਲਨਾਡੂ ਵਿੱਚ ਵੀ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ । ਮਹਾਰਾਸ਼ਟਰ ਵਿੱਚ ਵੱਧ ਰਹੇ ਕੋਵਿਡ ਸੰਕਟ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਰਾਏਗੜ, ਰਤਨਾਗਿਰੀ, ਸਿੰਧੂਦੁਰਗ, ਸਤਾਰਾ, ਸੰਗਲੀ, ਕੋਲਾਪੁਰ ਅਤੇ ਹਿੰਗੋਲੀ ਵਿੱਚ ਵਧੇਰੇ ਚੌਕਸੀ ਲੈਣ ਦੇ ਨਿਰਦੇਸ਼ ਦਿੱਤੇ ਹਨ।