ਕੈਬਨਿਟ ਵਿਸਥਾਰ ਤੋਂ ਪਹਿਲਾਂ ਪੀ.ਐੱਮ. ਮੋਦੀ ਦੇ ਘਰ ਮੰਗਲਵਾਰ ਸ਼ਾਮ ਯਾਨੀ ਕਿ ਅੱਜ ਇੱਕ ਵੱਡੀ ਬੈਠਕ ਹੋਣ ਵਾਲੀ ਹੈ । ਸੰਭਾਵਨਾ ਹੈ ਕਿ ਕੇਂਦਰੀ ਮੰਤਰੀ ਮੰਡਲ ਵਿੱਚ 7 ਤੋਂ 9 ਜੁਲਾਈ ਵਿਚਕਾਰ ਵੱਡੇ ਬਦਲਾਅ ਹੋ ਸਕਦੇ ਹਨ ।
ਇਸ ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਧਰਮੇਂਦਰ ਪ੍ਰਧਾਨ, ਪਿਊਸ਼ ਗੋਇਲ, ਪ੍ਰਹਿਲਾਦ ਜੋਸ਼ੀ ਅਤੇ ਨਰੇਂਦਰ ਸਿੰਘ ਤੋਮਰ ਮੌਜੂਦ ਰਹਿਣਗੇ।।
ਇਹ ਵੀ ਪੜ੍ਹੋ: IPL ‘ਚ ਦੋ ਨਵੀਆਂ ਟੀਮਾਂ ਦੀ ਐਂਟਰੀ ਲਈ BCCI ਤਿਆਰ, ਜਾਣੋ ਹੁਣ ਕਿੰਨੇ ਖਿਡਾਰੀ ਹੋ ਸਕਣਗੇ Retain !
ਸੂਤਰਾਂ ਅਨੁਸਾਰ ਮੋਦੀ ਸਰਕਾਰ ਇਸ ਹਫ਼ਤੇ ਆਪਣੀ ਕੈਬਨਿਟ ਦਾ ਵਿਸਥਾਰ ਕਰ ਸਕਦੀ ਹੈ । ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀਆਂ ਅਤੇ ਅਮਿਤ ਸ਼ਾਹ, ਜੇ ਪੀ ਨੱਡਾ ਸਮੇਤ ਭਾਜਪਾ ਨੇਤਾਵਾਂ ਨਾਲ ਮੰਤਰੀ ਮੰਡਲ ਵਿਚ ਨਵੇਂ ਚਿਹਰਿਆਂ ਨੂੰ ਸ਼ਾਮਿਲ ਕਰਨ ਦੇ ਸਬੰਧ ਵਿੱਚ ਕਈ ਦੌਰਾਂ ਦੀਆਂ ਮੀਟਿੰਗਾਂ ਕੀਤੀਆਂ ਹਨ ।
ਦਰਅਸਲ, ਇਸ ਵਾਰ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਭਾਜਪਾ ਆਪਣੇ ਸਹਿਯੋਗੀ ਜਨਤਾ ਦਲ ਯੂਨਾਈਟਿਡ ਅਤੇ ਐਲਜੇਪੀ ਦੇ ਬਾਗੀ ਧੜੇ ਦੇ ਚਿਹਰਿਆਂ ਨੂੰ ਜਗ੍ਹਾ ਦੇ ਸਕਦੀ ਹੈ। ਸੂਤਰਾਂ ਅਨੁਸਾਰ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਸੰਸਦ ਮੈਂਬਰਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਦੇ ਕਈ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ । ਮੋਦੀ ਸਰਕਾਰ-2 ਦੇ ਗਠਨ ਨੂੰ ਦੋ ਸਾਲ ਤੋਂ ਜ਼ਿਆਦਾ ਸਮੇਂ ਬਾਅਦ ਹੋਣ ਜਾ ਰਹੇ ਮੰਤਰੀ ਮੰਡਲ ਵਿਸਥਾਰ ਤੇ ਪੰਜ ਸੂਬਿਆਂ ਵਿੱਚ ਚੋਣਾਂ ਨੂੰ ਵੇਖਦੇ ਹੋਏ ਉੱਥੇ ਦੇ ਜਾਤੀ ਅਤੇ ਰਾਜਨੀਤਿਕ ਸਮੀਕਰਨ ਦੀ ਛਾਪ ਵੀ ਨਜ਼ਰ ਆ ਸਕਦੀ ਹੈ ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਆਪਣੀ ਕੈਬਨਿਟ ਦੀ ਗਿਣਤੀ 81 ਤੱਕ ਲਿਜਾ ਸਕਦੇ ਹਨ । ਜਦੋਂ ਕਿ ਇਸ ਸਮੇਂ ਉਨ੍ਹਾਂ ਦੇ ਮੰਤਰੀ ਮੰਡਲ ਵਿੱਚ 53 ਮੰਤਰੀ ਹਨ । ਸੂਤਰਾਂ ਅਨੁਸਾਰ ਆਪਣੀ ਸਰਕਾਰ ਦੀ ਪ੍ਰਸ਼ਾਸਕੀ ਸਮਰੱਥਾ ਵਧਾਉਣ ਲਈ ਪ੍ਰਧਾਨ ਮੰਤਰੀ ਆਪਣੀ ਕੈਬਨਿਟ ਵਿੱਚ ਖਾਲੀ ਪਈਆਂ 28 ਅਸਾਮੀਆਂ ਭਰ ਸਕਦੇ ਹਨ।