ਅੱਜ ਤੋਂ ਉੜੀਸਾ ਦੇ ਪੁਰੀ ਵਿੱਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਸ਼ੁਰੂ ਹੋ ਰਹੀ ਹੈ। ਇਸ ਖਾਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਸਾਰਿਆਂ ਦੇ ਸਿਹਤਮੰਦ ਜੀਵਨ ਅਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ ।
ਦਰਅਸਲ, ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਲਿਖਿਆ,” ਰੱਥ ਯਾਤਰਾ ਦੇ ਵਿਸ਼ੇਸ਼ ਮੌਕੇ ’ਤੇ ਸਾਰਿਆਂ ਨੂੰ ਵਧਾਈਆਂ । ਅਸੀਂ ਭਗਵਾਨ ਜਗਨਨਾਥ ਨੂੰ ਨਮਨ ਕਰਦੇ ਹਾਂ ਅਤੇ ਕਾਮਨਾ ਕਰਦੇ ਹਾਂ ਕਿ ਉਹ ਸਾਰਿਆਂ ਨੂੰ ਸਿਹਤਮੰਦ ਅਤੇ ਖ਼ੁਸ਼ਹਾਲ ਜੀਵਨ ਦਾ ਆਸ਼ੀਰਵਾਦ ਦੇਣ । ਜੈ ਜਗਨਨਾਥ।”
ਉੱਥੇ ਹੀ ਦੂਜੇ ਪਾਸੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਭਗਵਾਨ ਜਗਨਨਾਥ ਰੱਥ ਯਾਤਰਾ ਦੇ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ: ਇਟਲੀ ਨੇ ਜਿੱਤਿਆ ਯੂਰੋ ਕੱਪ ਦਾ ਖ਼ਿਤਾਬ, ਪੈਨਲਟੀ ਸ਼ੂਟਆਉਟ ‘ਚ ਇੰਗਲੈਂਡ ਨੂੰ 3-2 ਨਾਲ ਦਿੱਤੀ ਮਾਤ
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,” ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਸ਼ੁੱਭ ਮੌਕੇ ’ਤੇ ਸਾਰੇ ਦੇਸ਼ ਵਾਸੀਆਂ, ਵਿਸ਼ੇਸ਼ ਰੂਪ ਨਾਲ ਉੜੀਸਾ ਵਿੱਚ ਸਾਰੇ ਸ਼ਰਧਾਲੂਆਂ ਨੂੰ ਮੇਰੀਆਂ ਦਿਲੋਂ ਵਧਾਈਆਂ । ਮੈਂ ਕਾਮਨਾ ਕਰਦਾ ਹਾਂ ਕਿ ਭਗਵਾਨ ਜਗਨਨਾਥ ਦੇ ਆਸ਼ੀਰਵਾਦ ਨਾਲ ਸਾਰੇ ਦੇਸ਼ ਵਾਸੀਆਂ ਦਾ ਜੀਵਨ ਸੁੱਖੀ, ਖ਼ੁਸ਼ਹਾਲ ਅਤੇ ਸਿਹਤਮੰਦ ਬਣਿਆ ਰਹੇ।”
ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰ ਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,” ਜਗਨਨਾਥ ਰੱਥ ਯਾਤਰਾ ਦੇ ਸ਼ੁੱਭ ਮੌਕੇ ’ਤੇ ਮੈਂ ਅਹਿਮਦਾਬਾਦ ਦੇ ਜਗਨਨਾਥ ਮੰਦਰ ਵਿੱਚ ਕਈ ਸਾਲਾਂ ਤੋਂ ਮੰਗਲਾ ਆਰਤੀ ਵਿੱਚ ਹਿੱਸਾ ਲੈਂਦਾ ਆ ਰਿਹਾ ਹਾਂ ਅਤੇ ਹਰ ਵਾਰ ਇੱਥੇ ਇੱਕ ਵੱਖਰੀ ਊਰਜਾ ਦੀ ਪ੍ਰਾਪਤੀ ਹੁੰਦੀ ਹੈ । ਅੱਜ ਵੀ ਮਹਾਪ੍ਰਭੂ ਦੀ ਪੂਜਾ ਕਰਨ ਦਾ ਸੌਭਾਗ ਮਿਲਿਆ । ਭਗਵਾਨ ਜਗਨਨਾਥ ਸਾਰਿਆਂ ’ਤੇ ਸਦਾ ਆਪਣੀ ਕ੍ਰਿਪਾ ਅਤੇ ਆਸ਼ੀਰਵਾਦ ਬਣਾ ਕੇ ਰੱਖਣ।”
ਦੱਸ ਦੇਈਏ ਕਿ ਓਡੀਸ਼ਾ ਦੇ ਪੁਰੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅੱਜ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਕੱਢੀ ਜਾ ਰਹੀ ਹੈ। ਹਰ ਸਾਲ ਇਸ ਰੱਥ ਯਾਤਰਾ ਲਈ ਕਰੋੜਾਂ ਲੋਕ ਦੂਰ-ਦੁਰਾਡੇ ਤੋਂ ਆਉਂਦੇ ਹਨ, ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਇਹ ਰੱਥ ਯਾਤਰਾ ਸ਼ਰਧਾਲੂਆਂ ਦੇ ਬਿਨ੍ਹਾਂ ਹੀ ਕੱਢੀ ਜਾ ਰਹੀ ਹੈ।