ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਬਲਾਕ ਗੁਰੂਹਰਸਹਾਏ ਵੱਲੋਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਧਾਨ ਕੁਲਜੀਤ ਕੌਰ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਅੱਗੇ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਭੁੱਖ ਹੜਤਾਲ ਰੱਖੀ ਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਵਰਕਰਾਂ ਤੇ ਹੈਲਪਰਾਂ ਨੇ ਆਪਣੇ ਖੂਨ ਨਾਲ ਮੰਗ ਪੱਤਰ ਲਿਖਿਆ ਤੇ ਵਿਧਾਇਕ ਦੇ ਮਾਰਫਤ ਇਹ ਮੰਗ ਪਤਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਗਿਆ ।
ਇਸ ਮੌਕੇ ਤੇ ਆਗੂਆਂ ਨੇ ਮੰਗ ਕੀਤੀ ਕਿ ਆਂਗਨਵਾੜੀ ਸੈਂਟਰਾਂ ਦੇ 3 ਸਾਲਾਂ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ ਦੋ ਹਜਾਰ ਸਤਾਰਾਂ ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਭੇਜ ਦਿੱਤੇ ਸਨ, ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜੇ ਜਾਣ, ਨਰਸਰੀ ਟੀਚਰ ਦਾ ਦਰਜਾ ਆਂਗਣਵਾਡ਼ੀ ਵਰਕਰਾਂ ਨੂੰ ਦਿੱਤਾ ਜਾਵੇ, ਪੰਜਾਬ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ, ਐਨਜੀਓ ਦੇ ਅਧੀਨ ਕੰਮ ਕਰਦੀਆਂ ਆਂਗਣਵਾਡ਼ੀ ਵਰਕਰਾਂ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ, ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ, ਉਤਸ਼ਾਹਵਰਧਕ ਰਾਸੀ ਕਰਮਵਾਰ ਵਰਕਰ ਤੇ ਹੈਲਪਰ ਪੰਜ ਸੌ ਤੇ ਢਾਈ ਸੌ ਰੁਪਏ ਦਿੱਤੇ ਜਾਣ, ਸਰਕਲ ਮੀਟਿੰਗ ਦਾ ਕਿਰਾਇਆ ਦੋ ਸੌ ਰੁਪਏ ਦਿੱਤਾ ਜਾਵੇ,ਪੀ ਐੱਸ ਵੀ ਵਾਈ ਦੇ ਦੋ ਹਜਾਰ ਸਤਾਰਾਂ ਤੋਂ ਪੈਂਡਿੰਗ ਪਏ ਪੈਸੇ ਰਿਲੀਜ਼ ਕੀਤੇ ਜਾਣ, ਦੋ ਹਜਾਰ ਪੰਦਰਾਂ ਵਿੱਚ ਗ਼ਲਤ ਸਰਟੀਫਿਕੇਟ ਪੇਸ਼ ਵਰਕਰ ਤੋਂ ਸੁਪਰਵਾਈਜ਼ਰ ਬਣੀਆਂ ਸੁਪਰਵਾਈਜਰਾਂ ਜਿਨ੍ਹਾਂ ਦੇ ਖ਼ਿਲਾਫ਼ ਮਹਿਕਮੇ ਵੱਲੋਂ ਪੜਤਾਲ ਪੂਰੀ ਹੋ ਚੁੱਕੀ ਹੈ, ਨੂੰ ਤੁਰੰਤ ਨੌਕਰੀ ਤੋਂ ਫਾਰਗ ਕਰਕੇ 420 ਦੇ ਪਰਚੇ ਦਰਜ ਕੀਤੇ ਜਾਣ, ਮਿੰਨੀ ਆਂਗਨਵਾੜੀ ਵਰਕਰਾਂ ਨੂੰ ਪੂਰੀ ਆਂਗਨਵਾੜੀ ਵਰਕਰਾਂ ਦਾ ਦਰਜਾ ਦਿੱਤਾ ਜਾਵੇ, ਬਾਲਣ ਦੇ ਪੈਸੇ ਜੋ ਪ੍ਰਤੀ ਲਾਭਪਾਤਰੀ ਚਾਲੀ ਪੈਸੇ ਮਿਲਦੇ ਹਨ ਉਹ ਇੱਕ ਰੁਪਿਆ ਕੀਤਾ ਜਾਵੇ, ਯੂਨੀਅਨ ਦੇ ਆਗੂਆਂ ਨੇ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਫਿਰ ਕਾਂਗਰਸੀ ਮੰਤਰੀਆਂ ਦੇ ਘਰ ਦਾ ਘਿਰਾਓ ਕਰਕੇ ਦੋ ਦਿਨ ਭੁੱਖ ਹੜਤਾਲ ਰੱਖੀ ਜਾਵੇਗੀ, ਤੇ ਖੂਨ ਨਾਲ ਲਿਖ ਕਿ ਮੰਗ ਪੱਤਰ ਦਿੱਤੇ ਜਾਣਗੇ।