ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਦਾ ਦੌਰਾ ਕਰਨਗੇ । ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਵਾਰਾਣਸੀ ਨੂੰ 1500 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦੀ ਸੌਗਾਤ ਦੇਣਗੇ ।
ਪ੍ਰਧਾਨ ਮੰਤਰੀ ਕੋਰੋਨਾ ਸੰਕਟ ਦੌਰਾਨ ਲਗਭਗ 8 ਮਹੀਨਿਆਂ ਬਾਅਦ ਵਾਰਾਣਸੀ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਸੰਸਦੀ ਖੇਤਰ ਵਿੱਚ ਲਗਭਗ 5 ਤੋਂ 6 ਘੰਟੇ ਬਿਤਾਉਣਗੇ।
ਦਰਅਸਲ, ਪੀਐਮ ਮੋਦੀ ਵਾਰਾਨਸੀ ਦੇ ਸਿਗਰਾ ਖੇਤਰ ਵਿੱਚ ਜਾਪਾਨ ਦੇ ਸਹਿਯੋਗ ਨਾਲ ਬਣੇ ਰੁਦਰਾਕਸ਼ ਸੰਮੇਲਨ ਕੇਂਦਰ ਦਾ ਵੀ ਉਦਘਾਟਨ ਕਰਨਗੇ । ਇਸ ਦੌਰਾਨ ਜਾਪਾਨ ਦੇ ਪ੍ਰਧਾਨ ਮੰਤਰੀ ਵੀ ਵਰਚੁਅਲ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ । ਪ੍ਰਧਾਨ ਮੰਤਰੀ ਦਾ ਆਪਣੇ ਸੰਸਦੀ ਖੇਤਰ ਵਿੱਚ ਦੋਵੇਂ ਕਾਰਜਕਾਲ ਦੌਰਾਨ 24ਵਾਂ ਦੌਰਾ ਹੋਵੇਗਾ । ਇਸ ਦੌਰਾਨ ਬੀਐਚਯੂ ਦੇ ਖੇਡ ਮੈਦਾਨ ‘ਤੇ ਪ੍ਰਧਾਨ ਮੰਤਰੀ ਦੀ ਇੱਕ ਮੀਟਿੰਗ ਵੀ ਹੋਵੇਗੀ।
ਪ੍ਰਧਾਨ ਮੰਤਰੀ ਮੋਦੀ ਜਨਸਭਾ ਮੈਦਾਨ ਤੋਂ ਹੀ 1582.98 ਕਰੋੜ ਰੁਪਏ ਦੇ ਪ੍ਰਾਜੈਕਟ ਲਾਂਚ ਕਰਨਗੇ । ਇਨ੍ਹਾਂ ਪ੍ਰਾਜੈਕਟਾਂ ਵਿੱਚ ਬਿਜਲੀ, ਸੜਕਾਂ, ਪੀਣ ਵਾਲਾ ਪਾਣੀ, ਸੀਵਰੇਜ ਸਿਸਟਮ, ਪਾਰਕਿੰਗ, ਸਮਾਰਟ ਸਿਟੀ, ਸਿਹਤ ਦੇ ਨਾਲ ਸਮਾਰਟ ਸਕੂਲ, ਧਾਰਮਿਕ ਸੈਰ-ਸਪਾਟਾ ਕੇਂਦਰ, ਗੰਗਾ ਵਿੱਚ ਕਰੂਜ਼ ਅਤੇ ਹੋਰ ਪ੍ਰਾਜੈਕਟ ਸ਼ਾਮਿਲ ਹਨ। ਪ੍ਰਧਾਨਮੰਤਰੀ ਬੀਐਚਯੂ ਦੇ ਜਿਮਖਾਨਾ ਗਰਾਉਂਡ ਵਿੱਚ ਲਗਭਗ ਸਵਾ ਘੰਟੇ ਤੱਕ ਰੁਕਣਗੇ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਬੀਐਚਯੂ ਵਿੱਚ ਤਿਆਰ ਕੀਤੇ ਗਏ 100 ਬੈੱਡਾਂ ਵਾਲੇ ਐਮਸੀਐਚ ਵਿੰਗ ਦਾ ਨਿਰੀਖਣ ਕਰਨਗੇ । ਬੀਐਚਯੂ ਦੀ ਪਹਿਲੀ ਮੰਜ਼ਿਲ ‘ਤੇ ਪੈਡੀਆਟ੍ਰਿਕ ਵਾਰਡ ਦੇ ਨਿਰੀਖਣ ਤੋਂ ਬਾਅਦ ਪ੍ਰਧਾਨ ਮੰਤਰੀ ਅਧਿਕਾਰੀਆਂ ਅਤੇ ਡਾਕਟਰਾਂ ਨਾਲ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸੰਭਾਵਿਤ ਤੀਜੀ ਲਹਿਰ ਦੇ ਬਚਾਅ ਬਾਰੇ ਇੱਕ ਪੇਸ਼ਕਾਰੀ ਵੀ ਦਿੱਤੀ ਜਾਵੇਗੀ।