ਨਕੋਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਨਾਮ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਪਿੰਡ ਪੰਧੇਰ, ਥਾਣਾ ਸਦਰ ਨਕੋਦਰ, ਨੇ ਦੱਸਿਆ ਕਿ ਉਹ ਪਿਛਲੇ ਕਰੀਬ 27 ਸਾਲ ਸਾਊਦੀ ਅਰਬ (ਵਿਦੇਸ਼) ਵਿੱਚ ਨੌਕਰੀ ਕਰਦਾ ਰਿਹਾ ਅਤੇ ਉਸਦੇ ਤਿੰਨ ਲੜਕੇ ਸਨ। ਜਿਨ੍ਹਾਂ ਵਿਚੋਂ ਵੱਡੇ ਲੜਕੇ ਦਾ ਕਤਲ ਹੋ ਚੁੱਕਿਆ ਹੈ ਜੋ ਉਸ ਸਮੇਂ ਨਾਬਾਲਗ ਸੀ ਅਤੇ ਉਸਦੀ ਪਤਨੀ ਮਨਦੀਪ ਕੌਰ ਦੀ ਉਸਦੇ ਹੀ ਪਿੰਡ ਦੇ ਬਲਵੀਰ ਸਿੰਘ ਉਰਫ ਬਿੱਲੂ ਨਾਲ ਨਜਾਇਜ਼ ਸਬੰਧ ਹੋਣ ਕਰਕੇ ਬਿੱਲੂ ਨੇ ਉਸਦੇ ਲੜਕੇ ਨੂੰ ਆਪਣੇ ਨਾਲ ਟਰੈਕਟਰ ਚਲਾਉਣ ਲਈ ਰੱਖ ਲਿਆ ਅਤੇ 29 ਫਰਵਰੀ 2015 ਨੂੰ ਪਿੰਡ ਸੋਹਲ ਜਗੀਰ ਥਾਣਾ ਸ਼ਾਹਕੋਟ ਵਿਖੇ ਉਸਦੇ ਲੜਕੇ ਦੀ ਟਰੈਕਟਰ ਹੇਠ ਆਉਣ ਨਾਲ ਮੌਤ ਹੋ ਗਈ।
ਜਿਸ ਦਾ ਸੰਸਕਾਰ ਬਿਨਾਂ ਕੋਈ ਪੋਸਟ ਮਾਰਟਮ ਕੀਤਿਆ ਕਰਵਾ ਦਿੱਤਾ ਅਤੇ ਉਸਦੇ ਵਿਦੇਸ਼ ਤੋਂ ਭਾਰਤ ਆਉਣ ਦੀ ਉਡੀਕ ਵੀ ਨਹੀਂ ਕੀਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਉਸਦੇ ਪੁੱਤਰ ਦੇ ਕਤਲ ਦੀ ਗੁੱਥੀ ਸੁਲਝਾਉਣ ਵਾਸਤੇ ਦੋ ਵਾਰ ਐਸਐਸਪੀ ਜਲੰਧਰ (ਦਿਹਾਤੀ) ਨੂੰ ਦਰਖਾਸਤਾਂ ਦਿੱਤੀਆਂ। ਜਿਨ੍ਹਾਂ ਉੱਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਉਸਨੂੰ ਸ਼ੱਕ ਹੈ ਕਿ ਉਸਦੇ ਪੁੱਤਰ ਦੇ ਕਾਤਲ ਨਾਲ ਉਸਦੀ ਪਤਨੀ ਵੀ ਮਿਲੀ ਹੋਈ ਹੈ ਕਿਉਂਕਿ ਉਹ ਵੀ ਇਸ ਕਤਲ ਨੂੰ ਹਾਦਸਾ ਕਹਿ ਰਹੀ ਹੈ। ਉਸਦੇ ਨਾਲ ਹਰ ਸਮੇਂ ਲੜਾਈ ਝਗੜਾ ਰੱਖਦੀ ਹੈ ਅਤੇ ਉਸਨੇ ਜਿੰਨੀ ਵੀ ਵਿਦੇਸ਼ ਵਿੱਚੋ ਕਮਾਈ ਕੀਤੀ ਉਸ ਨਾਲ ਉਨ੍ਹਾਂ ਨੇ10 ਕਨਾਲ ਜ਼ਮੀਨ ਖਰੀਦੀ ਜਿਸ ਦੀ ਧੋਖੇ ਨਾਲ ਉਸਦੀ ਪਤਨੀ ਨੇ ਆਪਣੇ ਨਾਮ ਤੇ ਰਜਿਸਟਰੀ ਕਰਵਾ ਲਈ।
ਸਤਨਾਮ ਸਿੰਘ ਦੇ ਬਜ਼ੁਰਗ ਪਿਤਾ ਕੋਲੋਂ ਧੋਖੇ ਨਾਲ ਘਰ ਵਾਲਾ ਥਾਂ ਵੀ ਆਪਣੇ ਨਾਮ ਕਰਵਾਉਣ ਲਈ ਅਸ਼ਟਾਮ ਬਣਵਾ ਲਿਆ ਅਤੇ ਹਵੇਲੀ ਵਾਲੇ ਥਾਂ ਦੀ ਰਜਿਸਟਰੀ ਵੀ ਧੋਖੇ ਨਾਲ ਆਪਣੇ ਨਾਮ ਤੇ ਕਰਵਾ ਲਈ ਅਤੇ ਅੱਜ ਉਸਨੇ ਆਪਣੇ ਪੁੱਤਰ ਦੇ ਕਤਲ ਦੀ ਗੁੱਥੀ ਸੁਲਝਾਉਣ ਵਾਸਤੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਅਤੇ ਪਤਨੀ ਵੱਲੋਂ ਧੋਖੇ ਨਾਲ ਪ੍ਰਾਪਰਟੀ ਨਾਮ ਕਰਵਾਉਣ ਦੇ ਸੰਬੰਧ ਵਿਚ ਆਪਣੀ ਫਰਿਆਦ ਨੂੰ ਐਸਸੀ ਕਮਿਸ਼ਨ ਚੰਡੀਗੜ੍ਹ ਨੂੰ ਕੀਤੀ ਹੈ। ਇਸ ਸੰਬੰਧ ਵਿਚ ਐਸਸੀ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਪਿੰਡ ਪੰਧੇਰ ਦੀ ਦਰਖਾਸਤ ਅੱਜ ਐਸਸੀ ਕਮਿਸ਼ਨ ਕੋਲ ਪਹੁੰਚੀ ਹੈ ਜਿਸ ਉੱਪਰ ਐਸਸੀ ਕਮਿਸ਼ਨ ਨੇ ਤੁਰੰਤ ਕਾਰਵਾਈ ਕਰਦਿਆਂ ਐਸਐਸਪੀ ਜਲੰਧਰ (ਦਿਹਾਤੀ) ਨੂੰ ਕਿਹਾ ਕਿ ਇਸ ਦਰਖਾਸਤ ਦੀ ਨਿਰਪੱਖ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਦੀ ਰਿਪੋਰਟ 16 ਅਗਸਤ 2021 ਤੱਕ ਦਫ਼ਤਰ ਐਸਸੀ ਕਮਿਸ਼ਨ ਚੰਡੀਗਡ਼੍ਹ ਵਿਖੇ ਪੇਸ਼ ਕੀਤੀ ਜਾਵੇ।