ਗੁਜਰਾਤ ਵਿੱਚ ਵਿਜੈ ਰੂਪਾਨੀ ਦੇ ਅਚਾਨਕ CM ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਰਾਜ ਵਿਉਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਜਿਸ ਕਾਰਨ ਅੱਜ ਯਾਨੀ ਕਿ ਐਤਵਾਰ ਨੂੰ ਦੁਪਹਿਰ 2 ਵਜੇ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਸੱਦੀ ਗਈ ਹੈ। ਇਸ ਸਭ ਵਿਚਾਲੇ ਨਵੇਂ ਮੁੱਖ ਮੰਤਰੀ ਦੇ ਲਈ ਨਿਤਿਨ ਪਟੇਲ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ।
ਦਰਅਸਲ, ਵਿਜੈ ਰੂਪਾਨੀ ਦੇ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਕਈ ਨਾਂ ਅੱਗੇ ਚੱਲ ਰਹੇ ਹਨ। ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਜਪਾ ਇੱਕ ਵਾਰ ਫਿਰ ਨਵੇਂ ਮੁੱਖ ਮੰਤਰੀ ਦੇ ਐਲਾਨ ਨਾਲ ਹੈਰਾਨ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਵਾਰ ਜਦੋਂ ਵਿਜੈ ਰੂਪਾਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਉਸ ਸਮੇਂ ਨਿਤਿਨ ਪਟੇਲ ਦਾ ਨਾਂ ਮੁੱਖ ਮੰਤਰੀ ਲਈ ਅੱਗੇ ਚੱਲ ਰਿਹਾ ਸੀ। ਹਾਲਾਂਕਿ, ਬਾਅਦ ਵਿੱਚ ਜਦੋਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕੀਤਾ ਗਿਆ ਤਾਂ ਉਸ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਦੱਸ ਦੇਈਏ ਕਿ ਵਿਜੈ ਰੂਪਾਨੀ ਗੁਜਰਾਤ ਦੇ 16ਵੇਂ ਮੁੱਖ ਮੰਤਰੀ ਬਣੇ ਸਨ। ਰੂਪਾਨੀ ਪੱਛਮੀ ਰਾਜਕੋਟ ਤੋਂ ਵਿਧਾਇਕ ਹੈ। ਉਹ ਸਾਲ 2006 ਤੋਂ 2012 ਤੱਕ ਰਾਜ ਸਭਾ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ। ਸਾਲ 2014 ਵਿੱਚ ਰੂਪਾਨੀ ਟ੍ਰਾਂਸਪੋਰਟ ਮੰਤਰੀ ਰਹੇ ਸਨ। ਇਸ ਤੋਂ ਇਲਾਵਾ ਉਹ ਗੁਜਰਾਤ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਵੀ ਰਹੇ ਹਨ।