ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਅਕਸਰ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦੇ ਰਹਿੰਦੇ ਹਨ। ਸੁਬਰਾਮਨੀਅਮ ਨੇ ਸ਼ਨੀਵਾਰ ਯਾਨੀ ਕਿ ਅੱਜ ਇੱਕ ਵਾਰ ਫਿਰ ਟਵੀਟ ਕਰ ਕਰ ਪੀਐੱਮ ਮੋਦੀ ‘ਤੇ ਤੰਜ ਕਸਿਆ ਹੈ।
ਇਸ ਵਾਰ ਉਨ੍ਹਾਂ ਵੱਲੋਂ ਦੇਸ਼ ਦੀ ਆਰਥਿਕਤਾ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਤੰਜ ਕਸਦਿਆਂ ਕਿਹਾ ਕਿ ਘੋੜੇ ਨੂੰ ਪਾਣੀ ਤੱਕ ਲਿਜਾਇਆ ਜਾ ਸਕਦਾ ਹੈ ਪਰ ਪਿਆਇਆ ਨਹੀਂ ਜਾ ਸਕਦਾ।
ਦਰਅਸਲ, ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਅੱਜ ਕੱਲ੍ਹ ਮੇਰੇ ਕੋਲ ਦੁਕਾਨਦਾਰਾਂ ਦੇ ਵੀ ਫੋਨ ਆ ਰਹੇ ਹਨ ਕਿ ਮੈਂ ਮੋਦੀ ਨੂੰ ਸੁਝਾਅ ਦੇਵਾ ਕਿ ਮੌਜੂਦਾ ਆਰਥਿਕ ਸੰਕਟ ਤੋਂ ਕਿਵੇਂ ਬਾਹਰ ਨਿਕਲਿਆ ਜਾਵੇ। ਮੈਂ ਉਨ੍ਹਾਂ ਨੂੰ ਕਿਹਾ ਕਿ ਘੋੜੇ ਨੂੰ ਪਾਣੀ ਤੱਕ ਲਿਜਾਇਆ ਜਾ ਸਕਦਾ ਹੈ ਪਰ ਪਿਆਇਆ ਨਹੀਂ ਜਾ ਸਕਦਾ। ਅਰਥਵਿਵਸਥਾ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ,ਇਸ ਬਾਰੇ ਮੈਂ ਮੋਦੀ ਨੂੰ 12 ਚਿੱਠੀਆਂ ਲਿਖ ਚੁੱਕਿਆ ਹਾਂ ਪਰ ਇਸ ‘ਤੇ ਕੋਈ ਕਾਰਵਾਈ ਨਹੀਂ ਹੋਈ ਹੈ।
ਦੱਸ ਦੇਈਏ ਕਿ ਭਾਜਪਾ ਸੰਸਦ ਮੈਂਬਰ ਦੇ ਇਸ ਟਵੀਟ ‘ਤੇ ਯੂਜ਼ਰਸ ਵੱਲੋਂ ਪ੍ਰਤੀਕਿਰਿਆ ਵੀ ਦਿੱਤੀ ਜਾ ਰਹੀ ਹੈ। ਇਸ ਯੂਜ਼ਰ ਨੇ ਸੁਵਾਲ ਪੁੱਛਦਾਂ ਕਿਹਾ ਕੀ ਤੁਹਾਡਾ ਨੰਬਰ ਦੁਕਾਨਦਾਰਾਂ ਕੋਲ ਹੈ ਤੇ ਉਹ ਤੁਹਾਨੂੰ ਸੁਝਾਅ ਵੀ ਦੇ ਰਹੇ ਹਨ? ਯੂਜ਼ਰ ਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਸਵਾਮੀ ਨੇ ਲਿਖਿਆ ਕਿ ਮੇਰਾ ਫੋਨ ਨੰਬਰ ਭਾਜਪਾ ਦੀ ਵੈਬਸਾਈਟ ਦੇ ਨਾਲ-ਨਾਲ ਰਾਜ ਸਭਾ ਮੈਂਬਰਾਂ ਦੀ ਬੁੱਕ ‘ਤੇ ਵੀ ਹੈ।
ਇਹ ਵੀ ਪੜ੍ਹੋ: ਅਮਰੀਕਾ ਨੇ ਕਾਬੁਲ ਡਰੋਨ ਹਮਲੇ ਲਈ ਮੰਗੀ ਮੁਆਫ਼ੀ, ਕਿਹਾ- ਹਮਲੇ ‘ਚ ਮਾਰੇ ਗਏ ਬੇਗੁਨਾਹ ਲੋਕ
ਜ਼ਿਕਰਯੋਗ ਹੈ ਕਿ ਬੀਤੇ ਦਿਨ ਪੀਐੱਮ ਮੋਦੀ ਦੇ 71ਵੇਂ ਜਨਮਦਿਨ ਮੌਕੇ ਸਵਾਮੀ ਵੱਲੋਂ ਇੱਕ ਪੱਤਰ ਲਿਖ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਸੀ। ਉਨ੍ਹਾਂ ਨੇ ਇਸ ਵਿੱਚ ਲਿਖਿਆ ਕਿ ਜਿੱਥੇ ਰਾਸ਼ਟਰ ਦੀ ਗੱਲ ਹੋਵੇਗੀ, ਮੈਂ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਰਹਾਂਗਾ।