ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਪੰਜਾਬ ਦੌਰੇ ‘ਤੇ ਆ ਰਹੇ ਹਨ। ਅਰਵਿੰਦ ਕੇਜਰੀਵਾਲ ਭਲਕੇ ਯਾਨੀ ਕਿ 29 ਸਤੰਬਰ ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਦੋ ਦਿਨਾਂ ਦੌਰੇ ‘ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰੇ ਦੌਰਾਨ ਕੇਜਰੀਵਾਲ ਵੱਲੋਂ ਦੂਜੀ ਗਰੰਟੀ ਦਾ ਐਲਾਨ ਕੀਤਾ ਜਾਵੇਗਾ।
ਇਸ ਸਬੰਧੀ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਭਗਵੰਤ ਮਾਨ ਨੇ ਟਵੀਟ ਕਰਦਿਆਂ ਦੱਸਿਆ ਕਿ ਕੇਜਰੀਵਾਲ 29 ਸਤੰਬਰ ਨੂੰ ਦੋ ਦਿਨਾਂ ਦੌਰੇ ਲਈ ਲੁਧਿਆਣਾ ਆ ਰਹੇ ਹਨ। ਦੌਰੇ ਦੇ ਪਹਿਲੇ ਦਿਨ ਯਾਨੀ ਕਿ 29 ਸਤੰਬਰ ਨੂੰ ਕੇਜਰੀਵਾਲ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਖੁੱਲ ਕੇ ਵਿਚਾਰ-ਵਟਾਂਦਰਾ ਕਰਨਗੇ।
ਇਸ ਤੋਂ ਅੱਗੇ ਉਨ੍ਹਾਂ ਨੇ ਦੱਸਿਆ ਕਿ 30 ਸਤੰਬਰ ਨੂੰ ਯਾਨੀ ਕਿ ਦੌਰੇ ਦੇ ਦੂਜੇ ਦਿਨ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਵਿਕਾਸ ਸਬੰਧੀ ਦੂਜੀ ਗਰੰਟੀ ਦਾ ਐਲਾਨ ਕੀਤਾ ਜਾਵੇਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 26 ਸਤੰਬਰ ਨੂੰ ਕੇਜਰੀਵਾਲ ਨੇ ਪੰਜਾਬ ਦੌਰੇ ‘ਤੇ ਆਉਣਾ ਸੀ, ਪਰ ਸਿਆਸੀ ਮਾਹੌਲ ਕਾਰਨ ਉਨ੍ਹਾਂ ਵੱਲੋਂ ਇਸ ਦੌਰੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਪੰਜਾਬ ਦੌਰੇ ਦੌਰਾਨ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ।