Punjab thermal power plants: ਪੰਜਾਬ ਵਿੱਚ ਕੋਲੇ ਦੀ ਸਪਲਾਈ ਬਾਹਰੋਂ ਆਉਣ ਦੇ ਬਾਵਜੂਦ ਬਿਜਲੀ ਸੰਕਟ ਲਗਾਤਾਰ ਬਣਿਆ ਹੋਇਆ ਹੈ। ਭਾਵੇਂ ਬੀਤੇ ਦਿਨ ਸੂਬੇ ‘ਚ ਕੋਲੇ ਦੀ 12 ਰੈਕ ਆਏ ਅਤੇ ਅੱਜ ਮੰਗਲਵਾਰ ਨੂੰ ਵੀ 13 ਰੈਕ ਪੁੱਜਣ ਦੀ ਸੂਚਨਾ ਮਿਲੀ ਹੈ। ਇਸ ਦੇ ਬਾਵਜੂਦ ਸੂਬੇ ਵਿਚਲੇ ਤਾਪ ਘਰਾਂ ਦੇ ਪੰਜ ਯੂਨਿਟ ਹਾਲੇ ਵੀ ਬੰਦ ਹਨ। ਜ਼ਿਲ੍ਹਾ ਮਾਨਸਾ ਦੇ ਪਿੰਡ ਬਣਨ ਵਾਲਾ ‘ਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਇਕ ਯੂਨਿਟ ਅਜੇ ਵੀ ਬੰਦ ਪਿਆ ਹੈ। ਜਦਕਿ ਦੋ ਯੂਨਿਟ ਕ੍ਰਮਵਾਰ 312 ਅਤੇ 352 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਲਹਿਰਾ ਮੁਹੱਬਤ ਅਤੇ ਰੋਪੜ ਤਾਪ ਘਰ ਦਾ ਇਕ ਇਕ ਯੂਨਿਟ ਬੰਦ ਹੈ। ਬਾਕੀ ਦੋ ਤਿੰਨ ਯੂਨਿਟ ਗੋਇੰਦਵਾਲ ਸਮੇਤ ਪ੍ਰਾਈਵੇਟ ਤਾਪਘਰ ਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਕੋਲੇ ਦੇ 6-6 ਰੈਕ ਰਾਜਪੁਰਾ ਅਤੇ ਤਲਵੰਡੀ ਸਾਬੋ ਪਾਵਰ ਲਿਮਟਿਡ ਲਈ ਆਏ ਸਨ। ਅੱਜ ਰਾਜਪੁਰਾ ਲਈ 6 ਮਾਨਸਾ ਲਈ 4 ਅਤੇ ਗੋਇੰਦਵਾਲ ਲਈ ਸਾਂਗਲੀ 2 ਅਤੇ ਲਹਿਰਾ ਮੁਹੱਬਤ ਲਈ 1 ਰੈਕ ਸਪਲਾਈ ਆਉਣ ਬਾਰੇ ਜਾਣਕਾਰੀ ਮਿਲੀ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਵਿਚਲੇ ਤਾਪਘਰ ਤੋਂ ਅੱਧੀ ਬਿਜਲੀ ਹੀ ਪੈਦਾ ਕਰ ਰਿਹਾ ਹੈ। ਜਦਕਿ ਕਰੀਬ 1400 ਮੈਗਾਵਾਟ ਬਿਜਲੀ ਬਾਹਰੋਂ ਮੰਗਵਾਈ ਜਾ ਰਹੀ ਹੈ। ਇਸ ਸਬੰਧੀ ਪੰਜਾਬ ਸਟੇਟ ਪਾਵਰਕੌਮ ਕਾਰਪੋਰੇਸ਼ਨ ਲਿਮਟਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ ਕੋਲ 48 ਘੰਟੇ ਗੋਬਿੰਦਵਾਲ ਸਾਹਿਬ ਕੋਲ 39 ਘੰਟੇ ਰਾਜਪੁਰਾ ਥਰਮਲ ਪਲਾਂਟ ਕੋਲ 21 ਘੰਟੇ ਰੋਪੜ ਤਾਪ ਘਰ ਕੋਲ 88 ਘੰਟੇ ਅਤੇ ਜੀਐੱਸਟੀਪੀ ਲਹਿਰਾ ਮੁਹੱਬਤ ਕੋਲ 82 ਘੰਟਿਆਂ ਦਾ ਕੋਲਾ ਪਿਆ ਹੈ।