ਹੁਸ਼ਿਆਰਪੁਰ: ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤਿਉਹਾਰਾਂ ਦੇ ਮੱਦੇਨਜ਼ਰ ਖਾਣ-ਪੀਣ ਵਾਲੀਆਂ ਸ਼ੁੱਧ ਅਤੇ ਮਿਆਰੀ ਵਸਤਾਂ ਦੀ ਉਪਲਬੱਧਤਾ ਯਕੀਨੀ ਬਨਾਉਣ ਦੇ ਮਕਸਦ ਨਾਲ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਦੀ ਅਗਵਾਈ ਵਿਚ ਟੀਮ ਨੇ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕਰਕੇ 14 ਪਦਾਰਥਾਂ ਦੇ ਸੈਂਪਲ ਭਰੇ ਅਤੇ ਦੋ ਥਾਵਾਂ ’ਤੇ ਮਠਿਆਈ ਵਿਚ ਲੋੜ ਤੋਂ ਵੱਧ ਰੰਗ ਮਿਲਾਉਣ ਅਤੇ ਉੱਲੀ ਲੱਗੀ ਹੋਣ ਕਾਰਨ ਮਠਿਆਈ ਨੂੰ ਮੌਕੇ ’ਤੇ ਹੀ ਨਸ਼ਟ ਕਰਾਇਆ ਗਿਆ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਓ.ਪੀ.ਸੋਨੀ ਵਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਆਰੀ ਅਤੇ ਸ਼ੁੱਧ ਚੀਜਾਂ ਦੀ ਉਪਲਬੱਧਤਾ ’ਤੇ ਜ਼ੋਰ ਦਿੱਤਾ ਗਿਆ ਸੀ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰੇ ਖਾਣ-ਪੀਣ ਵਾਲੇ ਪਦਾਰਥ ਮਿਲ ਸਕਣ।
ਉਨ੍ਹਾਂ ਕਿਹਾ ਕਿ ਅੱਜ ਫਤਿਹਗੜ੍ਹ ਰੋਡ ਅਤੇ ਪੁਰਹੀਰਾਂ ਵਿਖੇ 2 ਹਲਵਾਈ ਦੀਆਂ ਦੁਕਾਨਾਂ ਦੀ ਸੈਂਪਲਿੰਗ ਦੌਰਾਨ ਪਾਇਆ ਗਿਆ ਕਿ ਮਠਿਆਈ ਵਿਚ ਰੰਗ ਦੀ ਮਾਤਰਾ ਬਹੁਤ ਜ਼ਿਆਦਾ ਸੀ ਜਿਹੜੀ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ ਅਤੇ ਦੂਜੀ ਦੁਕਾਨ ’ਤੇ ਮਠਿਆਈ ’ਤੇ ਉੱਲੀ ਲੱਗੀ ਪਾਈ ਗਈ। ਉਨ੍ਹਾਂ ਦੱਸਿਆ ਕਿ ਟੀਮ ਵਲੋਂ 40 ਕਿਲੋ ਦੇ ਕਰੀਬ ਮਠਿਆਈ ਮੌਕੇ ’ਤੇ ਹੀ ਨਸ਼ਟ ਕਰਵਾਈ ਗਈ ਅਤੇ ਦੋਵਾਂ ਦੁਕਾਨਦਾਰਾਂ ਨੂੰ ਸਖਤ ਚਿਤਾਵਨੀ ਜਾਰੀ ਕੀਤੀ ਗਈ ਕਿ ਉਨ੍ਹਾਂ ਖਿਲਾਫ਼ ਭਵਿੱਖ ਵਿਚ ਫੂਡ ਸੈਂਪਲਿੰਗ ਐਕਟ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਲਏ ਗਏ ਦੁੱਧ ਦੇ ਸੈਂਪਲਾਂ ਵਿਚ ਖਾਸ ਕਰਕੇ ਤਿਉਹਾਰਾਂ ਦੇ ਮੱਦੇਨਜ਼ਰ ਮਠਿਆਈ ਦੀਆਂ ਦੁਕਾਨਾਂ ’ਤੇ ਸਪਲਾਈ ਹੋਣ ਵਾਲਾ ਦੁੱਧ ਸੀ ਤਾਂ ਜੋ ਮਿਲਾਵਟੀ ਦੁੱਧ ਤੋਂ ਕਿਸੇ ਤਰ੍ਹਾਂ ਦੀ ਮਾੜੀ ਮਠਿਆਈ ਜਾਂ ਖੋਇਆ ਤਿਆਰ ਨਾ ਹੋ ਸਕੇ।
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਉਨ੍ਹਾਂ ਦੱਸਿਆ ਕਿ ਅੱਜ ਲਏ ਗਏ 14 ਸੈਂਪਲਾਂ ਵਿਚ 8 ਸੈਂਪਲ ਮਠਿਆਈ ਦੀਆਂ ਦੁਕਾਨਾਂ ’ਤੇ ਸਪਲਾਈ ਹੁੰਦੇ ਦੁੱਧ, ਪੇਸਟੀ, ਸੈਂਡਵਿਚ, ਗੁਲਾਬ ਜ਼ਾਮੁਨ, ਫਗਵਾੜਾ ਰੋਡ ’ਤੇ ਇਕ ਢਾਬੇ ਤੋਂ ਬਣੀ ਹੋਈ ਦਾਲ, ਪਨੀਰ ਆਦਿ ਦੇ ਲਏ ਗਏ ਜਿਹੜੇ ਕਿ ਅਗਲੇਰੀ ਜਾਂਚ ਲਈ ਫੂਡ ਟੈਸਟਿੰਗ ਲੈਬ ਖਰੜ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚੈਕਿੰਗ ਦਾ ਮਕਸਦ ਦੁਕਾਨਦਾਰਾਂ ਵਿਚ ਕਿਸੇ ਕਿਸਮ ਦਾ ਭੈਅ ਪੈਦਾ ਕਰਨਾ ਨਹੀਂ ਸਗੋਂ ਵਿਕਰੇਤਾ ਅਤੇ ਖਰੀਦਦਾਰ ਦੋਵਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਕਿਸੇ ਦੀ ਵੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਇਸ ਮੌਕੇ ਫੂਡ ਸੇਫਟੀ ਅਫ਼ਸਰ ਰਮਨ ਵਿਰਦੀ, ਨਰੇਸ਼ ਕੁਮਾਰ, ਰਾਮ ਲੁਭਾਇਆ ਆਦਿ ਵੀ ਮੌਜੂਦ ਸਨ।