ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ 26 ਅਕਤੂਬਰ ਨੂੰ ਅਯੁੱਧਿਆ ਵਿੱਚ ਹਨ । ਜਿੱਥੇ ਉਨ੍ਹਾਂ ਨੇ ਅੱਜ ਸਵੇਰੇ ਅਯੁੱਧਿਆ ਸਥਿਤ ਰਾਮ ਜਨਮ ਭੂਮੀ ਦੇ ਦਰਸ਼ਨ ਕੀਤੇ । ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇੱਕ ਵੱਡਾ ਐਲਾਨ ਕੀਤਾ ਹੈ ।
ਦਰਅਸਲ, ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਜੇਕਰ ਦਿੱਲੀ ਵਿੱਚ ਮੁੜ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਦਿੱਲੀ ਦੇ ਲੋਕਾਂ ਨੂੰ ਰਾਮ ਲੱਲਾ ਦੇ ਦਰਸ਼ਨ ਕਰਵਾਉਣਗੇ । ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿੱਚ ਅਸੀਂ ਅਯੁੱਧਿਆ ਨੂੰ ਵੀ ਜੋੜਾਂਗੇ ਅਤੇ ਹੁਣ ਦਿੱਲੀ ਦੇ ਲੋਕ ਅਯੁੱਧਿਆ ਵਿੱਚ ਰਾਮ ਜਨਮ ਭੂਮੀ ਆ ਕੇ ਇੱਥੇ ਦਰਸ਼ਨ ਵੀ ਕਰ ਸਕਣਗੇ।
ਇਹ ਵੀ ਪੜ੍ਹੋ: ਭਲਕੇ ਕੈਪਟਨ ਕਰਨਗੇ ਵੱਡਾ ਸਿਆਸੀ ਧਮਾਕਾ, ਸੱਦੀ ਪ੍ਰੈੱਸ ਕਾਨਫਰੰਸ
ਇਸ ਤੋਂ ਇਲਾਵਾ ਕੇਜਰੀਵਾਲ ਨੇ ਇਹ ਸੌਗਾਤ ਯੂ. ਪੀ. ਦੇ ਲੋਕਾਂ ਤੱਕ ਵਧਾਉਣ ਦਾ ਵੀ ਵਾਅਦਾ ਕੀਤਾ । ਉਨ੍ਹਾਂ ਕਿਹਾ ਕਿ ਜੇਕਰ ਉੱਤਰ ਪ੍ਰਦੇਸ਼ ਵਿੱਚ ਵੀ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਸਾਰੇ ਉੱਤਰ ਪ੍ਰਦੇਸ਼ ਵਾਸੀਆਂ ਨੂੰ ਅਯੁੱਧਿਆ ਵਿੱਚ ਰਾਮ ਜੀ ਦੇ ਦਰਸ਼ਨ ਕਰਾਉਣ ਲਈ ਮੁਫ਼ਤ ਵਿੱਚ ਪ੍ਰਬੰਧ ਕਰਾਂਗੇ, ਜਿਵੇਂ ਅਸੀਂ ਦਿੱਲੀ ਵਿੱਚ ਕੀਤਾ ਹੈ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅੱਜ ਮੈਨੂੰ ਭਗਵਾਨ ਜੀ ਦੇ ਦਰਸ਼ਨ ਕਰਨ ਦਾ ਸੌਭਾਗ ਮਿਲਿਆ ਹੈ। ਮੈਂ ਚਾਹੁੰਦਾ ਹਾਂ ਕਿ ਇਹ ਸੌਭਾਗ ਹਰ ਭਾਰਤ ਵਾਸੀ ਨੂੰ ਪ੍ਰਾਪਤ ਹੋਵੇ। ਮੈਂ ਬਹੁਤ ਛੋਟਾ ਜਿਹਾ ਆਦਮੀ ਹਾਂ ਪਰ ਭਗਵਾਨ ਨੇ ਮੈਨੂੰ ਬਹੁਤ ਕੁਝ ਦਿੱਤਾ। ਮੇਰੇ ਕੋਲ ਜੋ ਸਮਰੱਥਾ ਅਤੇ ਸਾਧਨ ਹਨ, ਉਨ੍ਹਾਂ ਦਾ ਮੈਂ ਇੱਥੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਦਰਸ਼ਨ ਕਰਾਉਣ ਵਿੱਚ ਵਰਤਾਂਗਾ।
ਇਹ ਵੀ ਪੜ੍ਹੋ: ਦੋ ਦਿਨਾਂ ਯੂਪੀ ਦੌਰੇ ‘ਤੇ ਹਨ ਕੇਜਰੀਵਾਲ, ਅਯੋਧਿਆ ਦੇ ਹਨੂੰਮਾਨਗੜ੍ਹੀ ਮੰਦਰ ਦੇ ਕੀਤੇ ਦਰਸ਼ਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੇਜਰੀਵਾਲ ਨੇ ਭਗਵਾਨ ਰਾਮ ਦੀ ਜਨਮਭੂਮੀ ਅਯੁੱਧਿਆ ਵਿੱਚ ਸਰਯੂ ਨਦੀ ਦੇ ਤੱਟ ’ਤੇ ਵੈਦਿਕ ਮੰਤਰਾਂ ਅਤੇ ਭਜਨਾਂ ਵਿਚਾਲੇ ਸਰਯੂ ਦੀ ਆਰਤੀ ਕੀਤੀ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਮਾਂ ਸਰਯੂ ਨਦੀ ਤੋਂ ਦਿੱਲੀ, ਉੱਤਰ ਪ੍ਰਦੇਸ਼ ਅਤੇ ਪੂਰੇ ਭਾਰਤ ਦੇ ਕਲਿਆਣ ਲਈ ਪ੍ਰਾਰਥਨਾ ਕਰਦਾ ਹਾਂ। ਪੂਰਾ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ। ਭਗਵਾਨ ਰਾਮ ਅਤੇ ਮਾਂ ਸਰਯੂ ਨਦੀ ਦੀ ਕ੍ਰਿਪਾ ਨਾਲ ਅਸੀਂ ਸਾਰੇ ਇਸ ਮਹਾਮਾਰੀ ਤੋਂ ਮੁਕਤ ਹੋਵਾਂਗੇ।