ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 22 ਨਵੰਬਰ ਯਾਨੀ ਕਿ ਅੱਜ ਮੋਗਾ ਤੋਂ ‘ਮਿਸ਼ਨ ਪੰਜਾਬ’ ਦੀ ਸ਼ੁਰੂਆਤ ਕਰਨਗੇ। ਇਸ ਮਾਮਲੇ ਵਿੱਚ ਪਾਰਟੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਕੇਜਰੀਵਾਲ ਮੋਗਾ ਵਿੱਚ ਮਿਸ਼ਨ ਪੰਜਾਬ ਦੀ ਸ਼ੁਰੂਆਤ ਇੱਕ ਵੱਡੇ ਐਲਾਨ ਦੇ ਨਾਲ ਕਰਨਗੇ। ਖ਼ਬਰਾਂ ਹਨ ਕਿ ਅਰਵਿੰਦ ਕੇਜਰੀਵਾਲ ਆਖਿਰਕਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ CM ਚਿਹਰੇ ਦਾ ਐਲਾਨ ਕਰ ਸਕਦੇ ਹਨ।
2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਮਿਸ਼ਨ ਪੰਜਾਬ’ ਤਹਿਤ ‘ਆਪ’ ਸੁਪਰੀਮੋ ਅਗਲੇ ਇੱਕ ਮਹੀਨੇ ਵਿੱਚ ਪੰਜਾਬ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰਨਗੇ ਅਤੇ ਸੂਬੇ ਅਤੇ ਇੱਥੋਂ ਦੇ ਲੋਕਾਂ ਲਈ ਪਾਰਟੀ ਦੇ ਪ੍ਰੋਗਰਾਮਾਂ ਦਾ ਐਲਾਨ ਕਰਨਗੇ।
ਇਸ ਸਬੰਧੀ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਗਲਾ ਇੱਕ ਮਹੀਨਾ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ’ਤੇ ਰਹਿਣਗੇ। ਉਨ੍ਹਾਂ ਦੱਸਿਆ ਕਿ 22 ਅਤੇ 23 ਨਵੰਬਰ ਦੇ ਦੋ ਦਿਨਾਂ ਪੰਜਾਬ ਦੌਰੇ ਤਹਿਤ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਮੋਗਾ ਵਿੱਚ ਪਾਰਟੀ ਪ੍ਰੋਗਰਾਮ ਦੌਰਾਨ ਪੰਜਾਬ ਅਤੇ ਪੰਜਾਬੀਆਂ ਲਈ ਅਹਿਮੀਅਤ ਰੱਖਦਾ ਇੱਕ ਵੱਡਾ ਐਲਾਨ ਵੀ ਕਰਨਗੇ ।
ਇਸ ਤੋਂ ਬਾਅਦ ਉਹ ਲੁਧਿਆਣਾ ਵਿੱਚ ਪਾਰਟੀ ਦੀ ਬੈਠਕ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਮੰਗਲਵਾਰ 23 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਤੋਂ ਬਾਅਦ ਪਾਰਟੀ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
ਵੀਡੀਓ ਲਈ ਕਲਿੱਕ ਕਰੋ -: