ਜਗਰਾਉਂ (ਚਰਨਜੀਤ ਸਿੰਘ ਸਰਨਾ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਮੁੱਖ ਭਾਈ ਗੁਰਚਰਨ ਸਿੰਘ ਗਰੇਵਾਲ ਨਾਲ ਇਕ ਅਹਿਮ ਬੈਠਕ ਕਰਕੇ ਸਿੱਖ ਸੰਘਰਸ਼ ਦਾ ਹਿੱਸਾ ਰਹੇ ਸਿੱਖਾਂ ਦੇ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਭਾਈ ਗਰੇਵਾਲ ਜੋ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਨ, ਨੇ ਸਿੱਖ ਸੰਘਰਸ਼ ਦੌਰਾਨ ਖੁਦ ਜੋਧਪੁਰ ਜੇਲ੍ਹ ਕੱਟੀ ਹੈ। ਜਗਰਾਊਂ ਵਿਖੇ ਭਾਈ ਗਰੇਵਾਲ ਦੇ ਗ੍ਰਹਿ ਵਿਖੇ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਕ ਪੰਥਕ ਜਥੇਬੰਦੀ ਹੋਣ ਨਾਤੇ ਹਰ ਸਿੱਖ ਇਸ ਤੋਂ ਵੱਡੀਆਂ ਆਸਾਂ ਰੱਖਦਾ ਹੈ।
ਸੰਗਤ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਸ਼੍ਰੋਮਣੀ ਕਮੇਟੀ ਦਾ ਹਰ ਮੈਂਬਰ ਅਤੇ ਹਰ ਮੁਲਾਜ਼ਮ ਸੰਜੀਦਾ ਰੂਪ ਵਿਚ ਕਾਰਜਸ਼ੀਲ ਹੋਣਾ ਚਾਹੀਦਾ ਹੈ, ਉਹ ਇਸ ਦਿਸ਼ਾ ਵਿਚ ਮਾਹੌਲ ਸਿਰਜਣ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਸੰਪ੍ਰਦਾਵਾਂ ਅਤੇ ਸਿੱਖ ਸੰਸਥਾਵਾਂ ਪੰਥ ਦੀ ਅਹਿਮ ਹਿੱਸਾ ਹਨ ਅਤੇ ਪੰਥਕ ਕਾਰਜਾਂ ਵਿਚ ਸਭ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਉਹ ਵੱਖ-ਵੱਖ ਆਗੂਆਂ ਦੇ ਸੁਝਾਵਾਂ ਅਤੇ ਵਿਚਾਰਾਂ ਦਾ ਹਮੇਸ਼ਾਂ ਸਵਾਗਤ ਕਰਨਗੇ ਅਤੇ ਸਿੱਖ ਸੰਪ੍ਰਦਾਵਾਂ ਤੇ ਪੰਥਕ ਆਗੂਆਂ ਨਾਲ ਵਿਚਾਰ-ਵਟਾਂਦਰੇ ਲਈ ਯਤਨਸ਼ੀਲ ਰਹਿਣਗੇ। ਐਡਵੋਕੇਟ ਧਾਮੀ ਨੇ ਇਸ ਮੌਕੇ ਜਿਥੇ ਭਾਈ ਗਰੇਵਾਲ ਦੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ ਉਥੇ ਹੀ ਸਿੱਖ ਨੌਜਵਾਨੀ ਵਿਚ ਵਿਰਸੇ ਪ੍ਰਤੀ ਚੇਤਨਤਾ ਫੈਲਾਉਣ ਲਈ ਸਿੱਖ ਸਟੂਡੈਂਟਸ ਫੈਡਰੇਸ਼ਨਾਂ ਦੇ ਯੋਗਦਾਨ ਨੂੰ ਵੀ ਸਲਾਹਿਆ। ਉਨ੍ਹਾਂ ਕਿਹਾ ਕਿ ਭਾਈ ਗਰੇਵਾਲ ਨੇ ਸਿੱਖ ਸੰਘਰਸ਼ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਅਤੇ ਹਮੇਸ਼ਾਂ ਹੀ ਸੰਘਰਸ਼ੀ ਸਿੱਖਾਂ ਦੇ ਮਸਲਿਆਂ ਦੀ ਗੱਲ ਕੀਤੀ ਹੈ। ਇਸੇ ਦੌਰਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵਧਾਈ ਦਿੱਤੀ ਅਤੇ ਪੰਥਕ ਕਾਰਜਾਂ ਲਈ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਕੀਤੀਆਂ ਜਾ ਰਹੀਆਂ ਇਕੱਤਰਤਾਵਾਂ ਨੂੰ ਇਕ ਚੰਗੀ ਪਹਿਲ ਕਦਮੀ ਕਿਹਾ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕਜੁੱਟ ਹੋ ਕੇ ਸਿੱਖੀ ਪ੍ਰਚਾਰ ਦੀ ਜੋਰਦਾਰ ਲਹਿਰ ਅੱਗੇ ਵਧਾਉਣੀ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਫੈਡਰੇਸ਼ਨ ਆਗੂਆਂ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋ੍ਰਮਣੀ ਕਮੇਟੀ ਟੇਕ ਸਿੰਘ ਧਨੌਲਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਬਖਸ਼ ਸਿੰਘ ਖਾਲਸਾ, ਸ਼੍ਰੋਮਣੀ ਕਮੇਟੀ ਮੈਂਬਰ ਕੇਵਲ ਸਿੰਘ ਬਾਦਲ, ਹਲਕਾ ਇੰਚਾਰਜ ਐਸ. ਆਰ. ਕਲੇਰ, ਪੀਏਸੀ ਮੈਂਬਰ ਕੰਵਲਜੀਤ ਸਿੰਘ ਮੱਲ੍ਹਾ, ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਦੀਪਇੰਦਰ ਸਿੰਘ ਭੰਡਾਰੀ, ਪ੍ਰਤਾਪ ਸਿੰਘ, ਹਰਵਿੰਦਰ ਸਿੰਘ ਚਾਵਲਾ, ਸਰਪ੍ਰੀਤ ਸਿੰਘ ਕਾਉਂਕੇ, ਜੱਥੇਦਾਰ ਕੁਲਬੀਰ ਸਿੰਘ ਸਰਨਾ, ਗੁਰਪ੍ਰੀਤ ਸਿੰਘ ਭਜਨਗੜ੍ਹ, ਮੈਨੇਜਰ ਗੁਰਜੀਤ ਸਿੰਘ, ਤਰਲੋਕ ਸਿੰਘ ਸਿਡਾਣਾ, ਹਰਦੇਵ ਸਿੰਘ ਬੌਬੀ, ਅਪਾਰ ਸਿੰਘ, ਗਗਨਦੀਪ ਸਿੰਘ ਸਰਨਾ, ਗੁਰਦੀਪ ਸਿੰਘ ਦੂਆ, ਕੰਵਲਜੀਤ ਸਿੰਘ ਧੰਜਲ, ਗੁਰਜੋਤ ਸਿੰਘ ਗਰੇਵਾਲ, ਕੰਵਲਜੀਤ ਸਿੰਘ ਗਾਲਿਬ, ਗੁਰਪ੍ਰੀਤ ਸਿੰਘ ਕਾਉਂਕੇ, ਹਰਵਿੰਦਰ ਸਿੰਘ ਢੋਲਣ, ਗੁਰਚਰਨ ਸਿੰਘ ਗਿੱਲ ਤੋਂ ਇਲਾਵਾ ਗੁਰਦੁਆਰਾ ਗੁਰੂਸਰ ਸਾਹਿਬ ਦੇ ਸਟਾਫ਼ ਮੈਂਬਰ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: