ਕੋਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਫੈਲਾਅ ਨੂੰ ਰੋਕਣ ਲਈ ਕੈਨੇਡਾ ਕੌਮਾਂਤਰੀ ਯਾਤਰਾ ਸਂਬਂਧੀ ਪਾਬੰਦੀਆਂ ਨੂੰ ਸਖਤ ਕਰ ਸਕਦਾ ਹੈ। ਨਵੀਆਂ ਯਾਤਰਾ ਪਾਬੰਦੀਆਂ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ। ਅਮਰੀਕਾ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ। ਸੀਬੀਸੀ ਦੀ ਇੱਕ ਰਿਪੋਰਟ ਮੁਤਾਬਿਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਰਾਜਾਂ ਦੇ ਪ੍ਰੀਮੀਅਰ ਇਸ ਮੁੱਦੇ ਉੱਤੇ ਗੱਲਬਾਤ ਕਰ ਚੁੱਕੇ ਹਨ। ਪਰ ਹਾਲੇ ਤੱਕ ਫੈਸਲਿਆ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਨਵੇਂ ਚੁੱਕੇ ਜਾਣ ਵਾਲੇ ਕਦਮਾਂ ਵਿੱਚ ਲਾਜ਼ਮੀ ਇਕਾਂਤਵਾਸ ਤੇ ਟੈਸਟਿੰਗ ਦੀ ਸ਼ਰਤ ਹੋ ਸਕਦੀ ਹੈ।
ਇਹ ਸ਼ਰਤ ਕੈਨੇਡੀਅਨ ਨਾਗਰਿਕਾਂ ਤੇ ਮੁਲਕ ਵਿੱਚ ਪੱਕੀ ਰਿਹਾਇਸ਼ ਹਾਸਲ ਕਰਨ ਵਾਲਿਆਂ ਉੱਤੇ ਵੀ ਲਾਗੂ ਹੋ ਸਕਦੀ ਹੈ। ਅਫਰੀਕਾ ਦੇ ਦਸ ਮੁਲਕਾਂ ਦੀ ਹਾਲ ਹੀ ਵਿਚ ਯਾਤਰਾ ਕਰਨ ਵਾਲਿਆਂ ਉੱਤੇ ਕੈਨੇਡਾ ਪਹਿਲਾਂ ਹੀ ਪਾਬੰਦੀ ਲਾ ਚੁੱਕਾ ਹੈ। ਓਮੀਕਰੋਨ ਜੋ ਕਿ ਸਿਹਤ ਅਧਿਕਾਰੀਆਂ ਮੁਤਾਬਕ ਡੈਲਟਾ ਸਰੂਪ ਨਾਲੋਂ ਵੱਧ ਤੇਜ਼ੀ ਨਾਲ ਫੈਲਦਾ ਹੈ। ਕੈਨੇਡਾ ਦੇ ਕਈ ਖੇਤਰਾਂ ਵਿੱਚ ਫੈਲਣਾ ਸ਼ੁਰੂ ਹੋ ਗਿਆ ਹੈ। ਟਰੂਡੋ ਤੇ ਦਸ ਪ੍ਰੀਮੀਅਰਾਂ ਵਿਚਾਲੇ ਹੋਈ ਗੱਲਬਾਤ ਵਿੱਚ ਬੂਸਟਰ ਸ਼ਾਟ ਤੇਜ਼ੀ ਨਾਲ ਦੇਣ ਉਤੇ ਸਹਿਮਤੀ ਬਣੀ ਹੈ।