ਹਿਮਾਚਲ ਪ੍ਰਦੇਸ਼ ਵਿੱਚ ਵੀ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੇ ਦਸਤਕ ਦੇ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੈਨੇਡਾ ਤੋਂ ਪਾਰਟੀ ਇੱਕ ਮਹਿਲਾ ਓਮੀਕ੍ਰੋਨ ਵੇਰੀਐਂਟ ਨਾਲ ਪੀੜਤ ਪਾਈ ਗਈ ਹੈ । ਫਿਲਹਾਲ ਇਹ ਮਹਿਲਾ ਘਰ ਵਿੱਚ ਹੀ ਆਈਸੋਲੇਟ ਹੈ। ਉੱਥੇ ਹੀ ਪੀਐੱਮ ਮੋਦੀ ਦੇ ਦੌਰੇ ਤੋਂ ਪਹਿਲਾਂ ਪ੍ਰਦੇਸ਼ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਵੈਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਨਾਲ ਤੜਥੱਲੀ ਮਚ ਗਈ ਹੈ। ਓਮੀਕ੍ਰੋਨ ਦਾ ਮਾਮਲਾ ਸਾਹਮਣੇ ਆਉਣ ‘ਤੇ ਪੀਐਮਓ ਨੇ ਜਾਣਕਾਰੀ ਮੰਗੀ ਹੈ।
ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਉਮਰ 45 ਸਾਲ ਹੈ ਅਤੇ ਉਹ 3 ਦਸੰਬਰ ਨੂੰ ਕੈਨੇਡਾ ਤੋਂ ਮੰਡੀ ਪਹੁੰਚੀ ਸੀ । ਮਹਿਲਾ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਵੀ ਲਗਵਾਈਆਂ ਹੋਈਆਂ ਹਨ। ਦੱਸ ਦੇਈਏ ਕਿ 18 ਦਸੰਬਰ ਨੂੰ ਮਹਿਲਾ ਦੇ ਸੈਂਪਲ ਦਿੱਲੀ ਭੇਜੇ ਗਏ ਸਨ। ਜਿਸ ਤੋਂ ਬਾਅਦ 26 ਦਸੰਬਰ ਦੀ ਆਈ ਰਿਪੋਰਟ ਵਿੱਚ ਉਸ ਦੇ ਓਮੀਕ੍ਰੋਨ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਦੱਸ ਦੇਈਏ ਕਿ ਸਿਹਤ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਕੋਵਿਡ-19 ਦੇ ਓਮੀਕ੍ਰੋਨ ਵੇਰੀਐਂਟ ਦੇ ਇੱਕ ਮਾਮਲੇ ਦੀ ਪੁਸ਼ਟੀ ਕੀਤੀ ਹੈ । NCDC (ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ) ਨਵੀਂ ਦਿੱਲੀ ਨੂੰ ਜੀਨੋਮ ਸੀਕਵੈਂਸਿੰਗ ਲਈ ਕੋਰੋਨਾ ਪਾਜ਼ੀਟਿਵ ਦੇ 7 ਨਮੂਨੇ ਭੇਜੇ ਗਏ ਸਨ। ਕੈਨੇਡਾ ਤੋਂ ਮੰਡੀ ਆਈ ਮਹਿਲਾ ਦੀ ਕੋਵਿਡ-19 ਰਿਪੋਰਟ ਪਾਜ਼ੀਟਿਵ ਆਈ ਸੀ । ਇਸ ਦੇ ਨਾਲ ਹੀ ਹੁਣ NCDC ਵੱਲੋਂ ਓਮੀਕ੍ਰੋਨ ਦੀ ਪੁਸ਼ਟੀ ਕੀਤੀ ਗਈ ਹੈ । ਇਸ ਤੋਂ ਇਲਾਵਾ ਮਹਿਲਾ ਦੀ RT-PCR ਰਿਪੋਰਟ ਨੈਗੇਟਿਵ ਆ ਗਈ ਹੈ।
ਗੌਰਤਲਬ ਹੈ ਕਿ ਹਿਮਾਚਲ ਸਣੇ ਦੇਸ਼ ਦੇ 19 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਹੁਣ ਤੱਕ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦੇ 423 ਮਾਮਲੇ ਸਾਹਮਣੇ ਆਏ ਹਨ । ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਇਨ੍ਹਾਂ ਵਿੱਚੋਂ 130 ਲੋਕ ਸਿਹਤਮੰਦ ਹੋ ਗਏ ਹਨ ਜਾਂ ਵਿਦੇਸ਼ ਜਾ ਚੁੱਕੇ ਹਨ । ਅੰਕੜਿਆਂ ਅਨੁਸਾਰ ਮਹਾਰਾਸ਼ਟਰ ਵਿੱਚ ਓਮੀਕ੍ਰੋਨ ਦੇ ਸਭ ਤੋਂ ਵੱਧ 108 ਮਾਮਲੇ ਸਾਹਮਣੇ ਆਏ ਹਨ । ਇਸ ਤੋਂ ਬਾਅਦ ਦਿੱਲੀ ਵਿੱਚ 79, ਗੁਜਰਾਤ ਵਿੱਚ 43, ਤੇਲੰਗਾਨਾ ਵਿੱਚ 41, ਕੇਰਲ ਵਿੱਚ 38, ਤਾਮਿਲਨਾਡੂ ਵਿੱਚ 34 ਅਤੇ ਕਰਨਾਟਕ ਵਿੱਚ 31 ਮਾਮਲੇ ਸਾਹਮਣੇ ਆ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: