ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਹੀ ਦਿਨ ਬਾਕੀ ਹਨ। ਚੋਣਾਂ ਦੇ ਮੱਦੇਨਜ਼ਰ ਨਵੇਂ-ਨਵੇਂ ਮਸ਼ਹੂਰ ਚਿਹਰੇ ਸਿਆਸੀ ਪਾਰਟੀਆਂ ਵਿੱਚ ਸ਼ਾਮਿਲ ਹੋ ਰਹੇ ਹਨ। ਇਸੇ ਵਿਚਾਲੇ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰੈਸਲਰ ਦਿ ਗ੍ਰੇਟ ਖਲੀ ਦਲੀਪ ਸਿੰਘ ਅੱਜ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਥੋੜ੍ਹੀ ਦੇਰ ਪਹਿਲਾਂ ਖਲੀ ਨੇ ਬੀਜੇਪੀ ਆਗੂ ਕੈਲਾਸ਼ ਚੌਧਰੀ ਨਾਲ ਮੁਲਾਕਾਤ ਕੀਤੀ । ਦੱਸ ਦੇਈਏ ਕਿ ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਵੀ BJP ਵਿੱਚ ਸ਼ਾਮਿਲ ਹੋਏ ਹਨ।
ਦੱਸ ਦੇਈਏ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਢੀਂਡਸਾ ਦੀ ਪਾਰਟੀ ਨਾਲ ਗਠਜੋੜ ਕਰ ਕੇ ਚੋਣ ਮੈਦਾਨ ਵਿੱਚ ਉਤਰੀ ਹੈ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ 14 ਫਰਵਰੀ ਨੂੰ ਜਲੰਧਰ ਵਿੱਚ ਰੈਲੀ ਕਰਨ ਜਾ ਰਹੇ ਹਨ। ਇਸ ਦੌਰਾਨ ਪੀਐੱਮ ਮੋਦੀ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਨਗੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਕੁਝ ਹਲਕਿਆਂ ਲਈ ਬੁੱਧਵਾਰ ਨੂੰ ਕੀਤੀ ਜਾਣ ਵਾਲੀ ਵਰਚੁਅਲ ਰੈਲੀ ਰੱਦ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਭਗਵੰਤ ਮਾਨ ਦੇ ਹਲਕੇ ਧੂਰੀ ‘ਚ ਪ੍ਰਿਯੰਕਾ ਗਾਂਧੀ ਕਰਨ ਜਾ ਰਹੇ ਨੇ ਰੈਲੀ, ਐਤਵਾਰ ਆਉਣਗੇ ਪੰਜਾਬ
ਗੌਰਤਲਬ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਚੋਣਾਂ ਲਈ ਪਹਿਲਾਂ 14 ਫਰਵਰੀ ਦਾ ਦਿਨ ਨਿਰਧਾਰਿਤ ਕੀਤਾ ਗਿਆ ਸੀ, ਪਰ ਸਿਆਸੀ ਪਾਰਟੀਆਂ ਵੱਲੋਂ ਬੇਨਤੀ ਕਰਨ ‘ਤੇ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਤਰੀਕ ਨੂੰ ਵਧਾ ਕੇ 20 ਫਰਵਰੀ ਕਰ ਦਿੱਤੀ ਗਈ। ਇਨ੍ਹਾਂ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।