ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਿਕ ਜਿੱਤ ਹਾਸਿਲ ਕੀਤੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਨੇ ਵੱਡੀ ਲੀਡ ਨਾਲ ਹਰਾਇਆ । ਲਾਭ ਸਿੰਘ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਇੱਕ ਮੋਬਾਈਲ ਰਿਪੇਅਰ ਦੀ ਦੁਕਾਨ ‘ਤੇ ਕੰਮ ਕਰਦਾ ਰਿਹਾ ਹੈ । ਜਦਕਿ ਉਸਦੇ ਪਿਤਾ ਇੱਕ ਮਜ਼ਦੂਰ ਹਨ ਅਤੇ ਉਸ ਦੀ ਮਾਤਾ ਸਰਕਾਰੀ ਸਕੂਲ ਵਿੱਚ ਸਫਾਈ ਕਰਮਚਾਰੀ ਹੈ।
ਦੱਸ ਦੇਈਏ ਕਿ ਇਨ੍ਹਾਂ ਚੋਣਾਂ ਵਿੱਚ ਲਾਭ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ 37000 ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਬੇਸ਼ੱਕ ਅੱਜ ਲਾਭ ਸਿੰਘ ਵਿਧਾਇਕ ਬਣ ਗਿਆ ਪਰ ਉਸ ਦਾ ਪਰਿਵਾਰ ਅੱਜ ਵੀ ਮਿਹਨਤ ਦੀ ਕਮਾਈ ਨੂੰ ਹੀ ਪਹਿਲ ਦੇ ਰਿਹਾ ਹੈ। ਲਾਭ ਸਿੰਘ ਦੇ ਮਾਤਾ ਬਲਦੇਵ ਕੌਰ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਸਰਕਾਰੀ ਸਕੂਲ ਵਿੱਚ ਸਫ਼ਾਈ ਕਰਮਚਾਰੀ ਦੇ ਤੌਰ ‘ਤੇ ਡਿਊਟੀ ਨਿਭਾ ਰਹੇ ਹਨ।
ਇਹ ਵੀ ਪੜ੍ਹੋ: ਜਿੱਤ ਪਿੱਛੋਂ ‘ਆਪ’ ਦਾ ਪਹਿਲਾ ਰੋਡ ਸ਼ੋਅ ਅੱਜ, ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਗੇ ਕੇਜਰੀਵਾਲ ਤੇ ਮਾਨ
ਗੱਲਬਾਤ ਕਰਦਿਆਂ ਲਾਭ ਦੀ ਮਾਤਾ ਬਲਦੇਵ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਘਰ ਚਲਾਉਣ ਵਾਲਾ ਪਰਿਵਾਰ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਲਾਭ ਨੂੰ ਬਹੁਤ ਮੁਸ਼ਕਿਲਾਂ ਨਾਲ ਪੜ੍ਹਾਇਆ ਲਿਖਾਇਆ ਤੇ ਪਾਲਿਆ ਹੈ। ਅੱਜ ਜਦੋਂ ਉਨ੍ਹਾਂ ਦਾ ਪੁੱਤ MLA ਬਣਿਆ ਹੈ ਤਾਂ ਉਨ੍ਹਾਂ ਨੂੰ ਇਸ ਦੀ ਬਹੁਤ ਜ਼ਿਆਦਾ ਖੁਸ਼ੀ ਹੈ।
ਉਨ੍ਹਾਂ ਕਿਹਾ ਕਿ ਲਾਭ ਦਾ ਮੁਕਾਬਲਾ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਸੀ, ਪਰ ਉਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਯਕੀਨ ਸੀ ਕਿ ਲਾਭ ਵੱਡੀ ਲੀਡ ਨਾਲ ਜਿੱਤੇਗਾ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦਾ ਪੁੱਤ MLA ਬਣ ਗਿਆ ਹੈ, ਪਰ ਉਹ ਆਪਣੀ ਡਿਊਟੀ ਇਸੇ ਤਰ੍ਹਾਂ ਕਰਦੇ ਰਹਿਣਗੇ । ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਦੀ ਤਰ੍ਹਾਂ ਹੀ ਸਕੂਲ ਵਿੱਚ ਕੰਮ ਕਰਾਂਗੀ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ ਤੇ ਉਹ ਹਲਕੇ ਦੇ ਲੋਕਾਂ ਲਈ ਚੰਗਾ ਕੰਮ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: