ਪੰਜਾਬ ਵਿੱਚ ਹੂੰਝਾਫੇਰ ਜਿੱਤ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਇਸ ਮੌਕੇ ਪੂਰਾ ਖਟਕੜ ਕਲਾਂ ਬਸੰਤੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਮੌਕੇ ਆਪ ਦੇ ਵਿਧਾਇਕ ਵੀ ਬਸੰਤੀ ਰੰਗ ਵਿੱਚ ਰੰਗੇ ਦਿਖਾਈ ਦਿੱਤੇ ਹਨ । ਸਹੁੰ ਚੁੱਕ ਸਮਾਗਮ ਦੇ ਲਈ ਬਹੁਤ ਸਾਰੇ ਕਲਾਕਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ, ਕਿਉਂਕਿ ਭਗਵੰਤ ਮਾਨ ਖੁਦ ਵੀ ਇੱਕ ਕਲਾਕਾਰ ਰਹੇ ਹਨ।
ਇਸ ਮੌਕੇ ਮੌਜੂਦਾ ਕਾਂਗਰਸੀ ਵਿਧਾਇਕ ਮੁਹੰਮਦ ਸਦੀਕ ਵੀ ਇਸ ਸਮਾਗਮ ਵਿੱਚ ਮਹਿਮਾਨ ਵਜੋਂ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਮੇਰੇ ਨਾਲ ਬਹੁਤ ਸਾਰੀਆਂ ਸਟੇਜਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਜਿਸ ਸਮੇਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਮੈਂ ਉਸ ਵੇਲੇ ਹੀ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਉਹ ਬਹੁਤ ਤਰੱਕੀ ਕਰੇਗਾ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਆਪਣੀ ਸਖਤ ਮਿਹਨਤ ਨਾਲ ਅੱਜ ਇੰਨੇ ਵੱਡੇ ਮੁਕਾਮ ‘ਤੇ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਬਹੁਤ ਮਿਹਨਤੀ ਹੈ ਤੇ ਅੱਜ ਉਸਦੀ ਮਿਹਨਤ ਹੀ ਉਸ ਨੂੰ ਇੱਥੇ ਤੱਕ ਲੈ ਕੇ ਆਈ ਹੈ ।
ਦੱਸ ਦੇਈਏ ਕਿ ਸਹੁੰ ਚੁੱਕ ਸਮਾਗਮ ਲਈ ਰਵਾਨਾਂ ਹੋਣ ਤੋਂ ਪਹਿਲਾਂ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ,”ਸੂਰਜ ਦੀ ਸੁਨਿਹਰੀ ਕਿਰਨ ਅੱਜ ਇੱਕ ਨਵੀਂ ਸਵੇਰ ਲੈ ਕੇ ਆਈ ਹੈ। ਅੱਜ ਪੂਰਾ ਪੰਜਾਬ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਸਹੁੰ ਚੁੱਕੇਗਾ। ਸ਼ਹੀਦ ਭਗਤ ਸਿੰਘ ਜੀ ਦੀ ਸੋਚ ‘ਤੇ ਪਹਿਰਾ ਦੇਣ ਲਈ ਮੈਂ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਲਈ ਰਵਾਨਾ ਹੋ ਰਿਹਾ ਹਾਂ।”
ਵੀਡੀਓ ਲਈ ਕਲਿੱਕ ਕਰੋ -: