ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅਧਿਆਪਕਾਂ ਸਬੰਧੀ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜਲਦੀ ਹੀ 10,500 ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਨਵੀਂ ਭਰਤੀ ਕਰਕੇ ਅਧਿਆਪਕਾਂ ਦੀ ਘਾਟ ਪੂਰੀ ਕੀਤੀ ਜਾਵੇਗੀ ਅਤੇ ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧਣਗੇ।
ਦੱਸ ਦੇਈਏ ਕਿ ਫਾਜ਼ਿਲਕਾ ਪਹੁੰਚੇ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਸਿੱਖਿਆ ਅਤੇ ਖੇਡਾਂ ਦੋਵਾਂ ਖੇਤਰਾਂ ਵਿੱਚ ਦੇਸ਼ ਦਾ ਚੋਟੀ ਦਾ ਸੂਬਾ ਬਣਾਇਆ ਜਾਵੇਗਾ। ਅਧਿਆਪਕਾਂ ਦੇ ਸਮਰਪਣ ਵਿੱਚ ਕੋਈ ਕਮੀ ਨਹੀਂ ਹੈ। ਪੰਜਾਬ ਸਰਕਾਰ ਦੇ ਸੂਬਾਈ ਸਕੂਲਾਂ ਨੂੰ ਸਰਵੋਤਮ ਬਣਾਉਣ ਲਈ ਰਾਸ਼ਟਰ ਨਿਰਮਾਤਾ ਅਧਿਆਪਕ ਸਰਕਾਰ ਲਈ ਅਹਿਮ ਭੂਮਿਕਾ ਨਿਭਾਉਣਗੇ । ਉਨ੍ਹਾਂ ਦਾਅਵਾ ਕੀਤਾ ਕਿ ਫਾਜ਼ਿਲਕਾ ਦੇ ਐਮ.ਆਰ.ਕਾਲਜ ਸਮੇਤ ਸਾਰੇ ਸਰਕਾਰੀ ਕਾਲਜਾਂ ਵਿੱਚ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ, ਜਿਸ ਨਾਲ ਸਾਡੇ ਨੌਜਵਾਨ ਉੱਚ ਸਿੱਖਿਆ ਲੈ ਸਕਣਗੇ।
ਇਹ ਵੀ ਪੜ੍ਹੋ: ਅਮਰੀਕਾ : ਕੈਲੀਫੋਰਨੀਆ ਦੇ ਭੀੜ-ਭੜੱਕੇ ਵਾਲੇ ਇਲਾਕੇ ‘ਚ ਅੰਨ੍ਹੇਵਾਹ ਫਾਇਰਿੰਗ, 6 ਮੌਤਾਂ, 9 ਜ਼ਖਮੀ
ਖੇਡਾਂ ਬਾਰੇ ਗੱਲ ਕਰਦਿਆਂ ਗੁਰਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾ ਸਿਰਫ਼ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਮੈਡਲ ਲਿਆਉਣ ਵਾਲਿਆਂ ਨੂੰ ਸਨਮਾਨਿਤ ਕਰੇਗੀ ਸਗੋਂ ਇਸ ਦੇ ਨਾਲ ਹੀ ਅਜਿਹਾ ਖੇਡ ਮਾਹੌਲ ਵੀ ਬਣਾਇਆ ਜਾਵੇਗਾ ਤਾਂ ਜੋ ਸਾਡੇ ਨੌਜਵਾਨ ਮੈਡਲ ਜਿੱਤ ਸਕਣ। ਉਨ੍ਹਾਂ ਨੇ ਐਲਾਨ ਕੀਤਾ ਕਿ ਜਿਨ੍ਹਾਂ ਵੀ ਪਿੰਡਾਂ ਵਿੱਚ ਜ਼ਮੀਨ ਉਪਲਬਧ ਹੋਵੇਗੀ, ਘਾਹ ਵਾਲੇ ਖੇਡ ਮੈਦਾਨ ਆਉਣ ਵਾਲੇ ਦੋ-ਤਿੰਨ ਸਾਲਾਂ ਵਿੱਚ ਸਰਕਾਰ ਵੱਲੋਂ ਬਣਾਏ ਜਾਣਗੇ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ, ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਉਨ੍ਹਾਂ ਪਿੰਡ ਚੰਨਣ ਵਾਲਾ ਦੇ ਪ੍ਰਾਇਮਰੀ ਸਕੂਲ ਨੂੰ ਮਿਡਲ ਕਰਨ ਅਤੇ ਸਕੂਲ ਦੀ ਟਰਾਂਸਪੋਰਟ ਸੇਵਾ ਜਾਰੀ ਕਰਨ ਦਾ ਐਲਾਨ ਵੀ ਕੀਤਾ। ਇਸ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਮੁੱਖ ਅਧਿਆਪਕ ਲਵਜੀਤ ਗਰੇਵਾਲ ਦੀ ਸ਼ਲਾਘਾ ਕਰਦਿਆਂ ਪਿੰਡ ਵਾਸੀਆਂ ਨੂੰ ਲੜਕੀਆਂ ਨੂੰ ਪੜ੍ਹਾਈ ਦੇ ਬਰਾਬਰ ਮੌਕੇ ਦੇਣ ਦੀ ਅਪੀਲ ਕੀਤੀ। ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਅਤੇ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੰਜਾਬ ਭਰ ਦੇ ਸਕੂਲਾਂ ਵਿੱਚ ਸਿੱਖਿਆ ਸੁਧਾਰ ਕੀਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: