ਦੇਸ਼ ਵਿੱਚ ਕੋਰੋਨਾ ਮਾਮਲੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਜਿਸਦੇ ਮੱਦੇਨਜ਼ਰ ਸਰਕਾਰ ਵੱਲੋਂ ਪਾਬੰਦੀਆਂ ਮੁੜ ਤੋਂ ਲਾਗੂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਹਦਾਇਤ ਦਿੱਤੀ ਜਾ ਰਹੀ ਹੈ। ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਹੁਣ ਬੱਚਿਆਂ ਦੇ ਟੀਕਾਕਰਨ ਵਿੱਚ ਲਾਪ੍ਰਵਾਹੀ ਵਰਤਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਦਰਅਸਲ, ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 4 ਮਈ ਤੋਂ ਕੋਰੋਨਾ ਵੈਕਸੀਨ ਨਾ ਲਵਾਉਣ ਵਾਲੇ 12 ਤੋਂ 18 ਸਾਲ ਦੀ ਉਮਰ ਵਰਗ ਦੇ ਵਿਦਿਆਰਥੀਆਂ ‘ਤੇ ਸਰੀਰਕ ਤੌਰ ‘ਤੇ ਕਲਾਸਾਂ ਵਿੱਚ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਚੰਡੀਗੜ੍ਹ ਦੇ ਪ੍ਰਸ਼ਾਸਕ ਬੀਐਲ ਪੁਰੋਹਿਤ ਦੇ ਸਲਾਹਕਾਰ ਧਰਮਪਾਲ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ । ਇਸ ਨੋਟਿਸ ਅਨੁਸਾਰ ਚੰਡੀਗੜ੍ਹ ਦੇ ਜਿਹੜੇ ਬੱਚੇ ਟੀਕਾਕਰਨ ਨਹੀਂ ਕਰਵਾ ਰਹੇ ਹਨ, ਉਨ੍ਹਾਂ ਨੂੰ ਦੁਬਾਰਾ ਆਨਲਾਈਨ ਪੜ੍ਹਾਈ ਕਰਨੀ ਪਵੇਗੀ ।
ਇਹ ਵੀ ਪੜ੍ਹੋ: ਦਰਦਨਾਕ ਹਾਦਸਾ: ਫਾਰਚੂਨਰ ਕਾਰ ਨਹਿਰ ‘ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਹੁਣ ਤੱਕ 15 ਤੋਂ 18 ਸਾਲ ਦੀ ਉਮਰ ਦੇ 92 ਫੀਸਦੀ ਬੱਚਿਆਂ ਨੂੰ ਪਹਿਲੀ ਤੇ 54 ਫੀਸਦੀ ਨੂੰ ਕੋਵੀਸ਼ੀਲਡ ਦੀਆਂ ਦੋਨੋਂ ਖੁਰਾਕਾਂ ਲੱਗ ਚੁੱਕੀਆਂ ਹਨ। ਇਸ ਦੇ ਨਾਲ ਹੀ 12 ਤੋਂ 14 ਸਾਲ ਦੇ 37 ਪ੍ਰਤੀਸ਼ਤ ਬੱਚਿਆਂ ਨੂੰ ਪਹਿਲੀ ਤੇ 3 ਪ੍ਰਤੀਸ਼ਤ ਨੂੰ ਦੋਵੇਂ ਡੋਜ ਲੱਗੀ ਹੈ। 12 ਤੋਂ 18 ਸਾਲ ਦੀ ਉਮਰ ਦੇ 40 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਅਜੇ ਵੀ ਪਹਿਲੀ ਖੁਰਾਕ ਦਿੱਤੀ ਜਾਣੀ ਬਾਕੀ ਹੈ।
ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਇਸੇ ਸਾਲ 3 ਜਨਵਰੀ ਤੋਂ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਸਿਹਤ ਵਿਭਾਗ ਚੰਡੀਗੜ੍ਹ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਕੂਲਾਂ ਆਦਿ ਵਿੱਚ ਬੱਚਿਆਂ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਸ਼ਨੀਵਾਰ ਤੇ ਐਤਵਾਰ ਨੂੰ ਵੀ ਬੱਚਿਆਂ ਲਈ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: