ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਦਿਆਂ ਹੀ CM ਭਗਵੰਤ ਮਾਨ ਐਕਸ਼ਨ ਮੋਡ ਵਿੱਚ ਹਨ। CM ਮਾਨ ਨੇ ਸੂਬੇ ਵਿੱਚ ਹੋ ਰਹੀ ਬਿਜਲੀ ਦੀ ਚੋਰੀ ਨੂੰ ਠੱਲ੍ਹ ਪਾਉਣ ਲਈ ‘ਕੁੰਡੀ ਹਟਾਓ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜਿਸਦੇ ਤਹਿਤ ਪਾਵਰਕੌਮ ਵੱਲੋਂ ਪੰਜਾਬ ਵਿੱਚ ਸਿੱਧੀ ਕੁੰਡੀ ਨਾਲ ਚੱਲ ਰਹੇ ਕਰੀਬ ਤਿੰਨ ਦਰਜਨ ਥਾਣਿਆਂ ਦੇ ਕੁਨੈਕਸ਼ਨ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਹਨ । ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਕੁੰਡੀ ਹਟਾਓ’ ਮੁਹਿੰਮ ਤਹਿਤ ਹਦਾਇਤ ਦਿੱਤੀ ਗਈ ਸੀ ਕਿ ਸੂਬੇ ਵਿੱਚ ਵੱਡੇ ਪੱਧਰ ‘ਤੇ ਹੋ ਰਹੀ ਬਿਜਲੀ ਦੀ ਚੋਰੀ ਨੂੰ ਰੋਕਣ ਲਈ ਪੁਲਿਸ ਅਧਿਕਾਰੀ ਪੂਰੀ ਤਰ੍ਹਾਂ ਸਹਿਯੋਗ ਦੇਣ । ਦੱਸ ਦੇਈਏ ਕਿ ਪਾਵਰਕੌਮ ਦੀਆਂ ਟੀਮਾਂ ਵੱਲੋਂ ਧਾਰਮਿਕ ਡੇਰਿਆਂ ਆਦਿ ਤੋਂ ਬਿਜਲੀ ਚੋਰੀ ਹੋਣ ਦੇ ਮਾਮਲੇ ਸਾਹਮਣੇ ਲਿਆਉਂਦੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ CM ਮਾਨ ਦੇ ਹੁਕਮਾਂ ‘ਤੇ ਪਾਵਰਕੌਮ ਅਫ਼ਸਰਾਂ ਵੱਲੋਂ ਉਨ੍ਹਾਂ ਥਾਣਿਆਂ ਤੇ ਪੁਲਿਸ ਚੌਕੀਆਂ ਦੇ ਕੁਨੈਕਸ਼ਨ ਕੱਟਣ ਦੇ ਹੁਕਮ ਦਿੱਤੇ ਗਏ ਹਨ ਜਿਨ੍ਹਾਂ ਵੱਲੋਂ ਸਿੱਧੀ ਕੁੰਡੀ ਪਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ । ਪਾਵਰਕੌਮ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਬਡਰੁੱਖਾਂ, ਮੂਨਕ, ਸਿਟੀ ਸੰਗਰੂਰ, ਮਮਦੋਟ, ਵਾੜੇਕੇ, ਮੁੱਦਕੀ, ਸੀਤੋ ਗੁਨੋ, ਮੰਡੀ ਲਾਧੂਕਾ, ਕੱਲਰਖੇੜਾ, ਵਜੀਦਪੁਰ ਭੋਮਾ, ਸਾਂਝ ਕੇਂਦਰ ਸਮਰਾਲਾ, ਅਰਬਨ ਅਸਟੇਟ ਗੁਰਦਾਸਪੁਰ, ਕੁਰਾਲੀ, ਭੁਨਰਹੇੜੀ, ਰਾਮਸਰਾ, ਡਕਾਲਾ ਤੇ ਅੰਮ੍ਰਿਤਸਰ ਆਦਿ ਥਾਣਿਆਂ ਤੇ ਚੌਕੀਆਂ ਵਿੱਚ ਜਲਦ ਹਨੇਰਾ ਛਾ ਜਾਵੇਗਾ।
ਦੱਸ ਦੇਈਏ ਕਿ ਬਠਿੰਡਾ ਦੇ ਐੱਸਐੱਸਪੀ ਵੱਲੋਂ ਸਮੂਹ ਪੁਲਿਸ ਦਫ਼ਤਰਾਂ ਅਤੇ ਥਾਣਿਆਂ ਨੂੰ ਪੁਲਿਸ ਇਮਾਰਤ ਵਿੱਚ ਕਿਤੇ ਵੀ ਅਣਅਧਿਕਾਰਤ ਏਸੀਆਂ ਨੂੰ ਫ਼ੌਰੀ ਹਟਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਪੁਲਿਸ ਇਮਾਰਤ ਵਿੱਚ ਅਣਅਧਿਕਾਰਤ ਏਸੀ ਪਾਵਰਕੌਮ ਦੀ ਚੈਕਿੰਗ ਦੌਰਾਨ ਫੜਿਆ ਜਾਂਦਾ ਹੈ ਤਾਂ ਉਸ ਦਾ ਸਾਰਾ ਜੁਰਮਾਨਾ ਸਬੰਧਤ ਅਧਿਕਾਰੀ ਨੂੰ ਦੇਣਾ ਪਵੇਗਾ। ਮਿਲੇ ਵੇਰਵਿਆਂ ਅਨੁਸਾਰ ਪਾਵਰਕੌਮ ਵੱਲੋਂ ‘ਕੁੰਡੀ ਹਟਾਓ’ ਮੁਹਿੰਮ ਤਹਿਤ ਬਿਜਲੀ ਚੋਰੀ ਕਰਨ ਵਾਲੇ 584 ਖਪਤਕਾਰਾਂ ਨੂੰ 88 ਲੱਖ ਰੁਪਏ ਦੇ ਜੁਰਮਾਨੇ ਪਾਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: