Sidhu Moosewala SYL Song: ਪੰਜਾਬੀ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ 26 ਦਿਨਾਂ ਬਾਅਦ ਉਸਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਮੂਸੇਵਾਲਾ ਦਾ ਇਹ ਗੀਤ ਪੰਜਾਬ-ਹਰਿਆਣਾ ਵਿਚਾਲੇ ਵਿਵਾਦਿਤ SYL ਨਹਿਰ ਦੇ ਮੁੱਦੇ ‘ਤੇ ਹੈ। 4 ਮਿੰਟ 9 ਸੈਕਿੰਡ ਦੇ ਇਸ ਗੀਤ ਨੂੰ ਹੁਣ ਤੱਕ 1 ਕਰੋੜ 30 ਲੱਖ ਲੋਕ ਦੇਖ ਚੁੱਕੇ ਹਨ।
ਇਸ ਗੀਤ ‘ਚ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ, ਜਿਨ੍ਹਾਂ ਨੂੰ ਝੂਠੇ ਕੇਸਾਂ ‘ਚ ਫਸਾ ਕੇ ਇਸ ਦਾ ਵਿਰੋਧ ਕਰਨ ‘ਤੇ ਜੇਲ੍ਹਾਂ ‘ਚ ਡੱਕਿਆ ਗਿਆ। ਦੱਸ ਦੇਈਏ ਕਿ ਮੂਸੇਵਾਲਾ ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੈਂਗਸਟਰ ਲਾਰੈਂਸ ਨੇ ਕਥਿਤ ਤੌਰ ‘ਤੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਸਿੱਧੂ ਮੂਸੇਵਾਲਾ ਆਪਣੇ ਹਰ ਗੀਤ ਵਿੱਚ ਲੋਕਾਂ ਨੂੰ ਕੋਈ ਨਾ ਕੋਈ ਸੁਨੇਹਾ ਜ਼ਰੂਰ ਦਿੰਦਾ ਸੀ। ਉਸ ਦੀ ਆਪਣੀ ਫੈਨ ਫਾਲੋਇੰਗ ਸੀ। ਇਸ ਵਾਰ ਵੀ ਉਸ ਨੇ ਪੰਜਾਬ-ਹਰਿਆਣਾ ਦਰਮਿਆਨ ਬਹੁ-ਚਰਚਿਤ ਸਤਲੁਜ-ਯਮੁਨਾ ਲਿੰਕ ਨਹਿਰ SYL ਨੂੰ ਲੈ ਕੇ ਦਹਾਕਿਆਂ ਤੋਂ ਚੱਲ ਰਹੇ ਵਿਵਾਦ ‘ਤੇ ਗੀਤ ਰਚਿਆ ਹੈ। ਆਪਣੇ ਇਸ ਗੀਤ ‘ਚ ਸਿੱਧੂ ਨੇ ਇਸ ਪੂਰੇ ਵਿਵਾਦ ਬਾਰੇ ਲੋਕਾਂ ਨੂੰ ਦੱਸਿਆ ਹੈ। ਸਿੱਧੂ ਦੇ ਇਸ ਗੀਤ ਦੀ ਸ਼ੁਰੂਆਤ ਵਿੱਚ ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਇੰਚਾਰਜ ਸੁਸ਼ੀਲ ਗੁਪਤਾ ਦਾ ਬਿਆਨ ਬੈਕਗ੍ਰਾਊਂਡ ਵਿੱਚ ਚੱਲਦਾ ਹੈ।
ਜਿਸ ‘ਚ ਉਹ 2024 ‘ਚ ਪੰਜਾਬ ਵਾਂਗ ਹਰਿਆਣਾ ‘ਚ ਵੀ ਸਰਕਾਰ ਬਣਨ ‘ਤੇ SYL ਦਾ ਪਾਣੀ ਹਰਿਆਣਾ ਨੂੰ ਮਿਲਣ ਦੀ ਗੱਲ ਕਰ ਰਹੇ ਹਨ।
ਸਿੱਧੂ ਮੂਸੇਵਾਲਾ ਵੱਲੋਂ ਇਸ ਵੀਡੀਓ ਵਿੱਚ ਪੰਜਾਬ ਅਤੇ ਪੰਜਾਬੀਆਂ ਦੇ ਮਾਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਕਿਸਾਨ ਅੰਦੋਲਨ ਦੌਰਾਨ ਦਿੱਲੀ ਵੱਲ ਮਾਰਚ ਦੀਆਂ ਝਲਕੀਆਂ ਵੀ ਦਿਖਾਈਆਂ ਗਈਆਂ ਹਨ। ਇਸ ਤੋਂ ਇਲਾਵਾ ਲਾਲ ਕਿਲ੍ਹੇ ‘ਤੇ ਸਿੱਖ ਸਮਾਜ ਦੇ ਪ੍ਰਤੀਕ ਨਿਸ਼ਾਨ ਸਾਹਿਬ ਲਹਿਰਾਉਣ ਦੀ ਵੀ ਸ਼ਲਾਘਾ ਕੀਤੀ ਗਈ ਹੈ। ਬੁੱਧਵਾਰ ਰਾਤ ਨੂੰ ਹੀ ਸਿੱਧੂ ਦੇ ਵੈਰੀਫਾਈਡ ਸੋਸ਼ਲ ਮੀਡੀਆ ਅਕਾਊਂਟ ‘ਤੇ SYL ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਇਸ ਪੋਸਟ ਨੂੰ ਕਾਫੀ ਸ਼ੇਅਰ ਕੀਤਾ ਹੈ।