ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਨੂੰ ਮੰਗਲਵਾਰ ਦੇਰ ਰਾਤ ਕਰੀਬ 10 ਵਜੇ ਅੰਮ੍ਰਿਤਸਰ ਲਿਆਂਦਾ ਗਿਆ। ਲਾਰੈਂਸ ਨੂੰ ਅੱਜ ਸਵੇਰੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 28 ਜੂਨ ਨੂੰ ਅੰਮ੍ਰਿਤਸਰ ਪੁਲਿਸ ਨੇ ਰਾਣਾ ਕੰਧੋਵਾਲੀਆ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਹਾਸਲ ਕੀਤਾ ਸੀ।
ਦੱਸ ਦੇਈਏ ਕਿ ਮੰਗਲਵਾਰ ਨੂੰ ਆਈ.ਪੀ.ਐਸ. ਗੌਰਵ ਯਾਦਵ ਨੇ ਡੀਜੀਪੀ ਪੰਜਾਬ ਦਾ ਚਾਰਜ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਐਸਟੀਐਫ ਮੋਹਾਲੀ ਤੱਕ ਪਹੁੰਚ ਕੀਤੀ। ਉਨ੍ਹਾਂ ਦੇ ਦੌਰੇ ਤੋਂ ਤੁਰੰਤ ਮਗਰੋਂ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਭੇਜਿਆ ਗਿਆ। ਦੇਰ ਰਾਤ 10 ਵਜੇ ਪੁਲਿਸ ਦਾ ਕਾਫਲਾ ਲਾਰੈਂਸ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ। ਲਾਰੈਂਸ ਨੇ ਪੂਰੀ ਰਾਤ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਵਿੱਚ ਬਿਤਾਈ।
ਲਾਰੈਂਸ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ। ਲਾਰੈਂਸ ਲਈ ਇੱਥੇ ਤਿੰਨ ਪੱਧਰੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਹਰ ਆਉਣ ਵਾਲੇ ‘ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਮਾਲ ਮੰਡੀ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਥਾਂ-ਥਾਂ ‘ਤੇ ਸਿਪਾਹੀ ਤਾਇਨਾਤ ਹਨ। ਬੁੱਧਵਾਰ ਨੂੰ ਅਦਾਲਤ ਲਾਰੈਂਸ ਨੂੰ ਸਖ਼ਤ ਸੁਰੱਖਿਆ ਹੇਠ ਲਿਜਾਇਆ ਜਾਏਗਾ ਤੇ ਪੇਸ਼ੀ ਮਗਰੋਂ ਵਾਪਸ ਐੱਸਐੱਸਓਸੀ ‘ਚ ਲਿਆਂਦਾ ਜਾਵੇਗਾ।
ਜ਼ਿਕਰਯੋਗ ਹੈ ਕਿ 28 ਜੂਨ ਨੂੰ ਲਾਰੈਂਸ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਪਰ ਉਸ ਨੂੰ ਅੰਮ੍ਰਿਤਸਰ ਨਹੀਂ ਰੱਖਿਆ ਗਿਆ। ਸੁਰੱਖਿਆ ਦੇ ਮੱਦੇਨਜ਼ਰ ਉਸ ਨੂੰ ਮੁਹਾਲੀ ਸਥਿਤ STF ਦਫ਼ਤਰ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ। ਲਾਰੇਂਸ ਨੂੰ ਤਕਰੀਬਨ 7 ਦਿਨਾਂ ਤੱਕ ਉੱਥੇ ਰੱਖਿਆ ਗਿਆ ਅਤੇ ਇਸ ਦੌਰਾਨ ਪੰਜਾਬ ਪੁਲਿਸ ਸਣੇ ਸੂਬੇ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਨੇ ਉਸ ਤੋਂ ਪੁੱਛਗਿੱਛ ਕੀਤੀ।
ਲਾਰੈਂਸ ਨੂੰ ਅੱਜ ਬੁੱਧਵਾਰ ਸਵੇਰੇ ਹੀ ਅੰਮ੍ਰਿਤਸਰ ‘ਚ ਪੇਸ਼ ਕੀਤਾ ਜਾਵੇਗਾ, ਜਿਸ ਲਈ ਅਦਾਲਤ ‘ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਪੁਲਿਸ ਇੱਕ ਵਾਰ ਫਿਰ ਲਾਰੈਂਸ ਦਾ ਪੁਲਿਸ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।
ਅੰਮ੍ਰਿਤਸਰ ਦੇ ਮਜੀਠਾ ਰੋਡ ਥਾਣੇ ਦੀ ਪੁਲਿਸ 3 ਅਗਸਤ 2021 ਨੂੰ ਹੋਏ ਰਾਣਾ ਕੰਧੋਵਾਲੀਆ ਕਤਲ ਕੇਸ ਦੀ ਜਾਂਚ ਲਈ ਲਾਰੈਂਸ ਦਾ ਰਿਮਾਂਡ ਲੈ ਰਹੀ ਹੈ। ਜ਼ਿਕਰਯੋਗ ਹੈ ਕਿ ਰਾਣਾ ਕੰਧੋਵਾਲੀਆ ਦਾ ਅੰਮ੍ਰਿਤਸਰ ਦੇ ਸਰਕੂਲਰ ਰੋਡ ‘ਤੇ ਸਥਿਤ ਕੇਡੀ ਹਸਪਤਾਲ ‘ਚ ਰਾਤ ਵੇਲੇ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਅਗਲੇ ਦਿਨ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਵੀਡੀਓ ਲਈ ਕਲਿੱਕ ਕਰੋ -: