ਨੌਕਰੀ ਕਰਨ ਅਤੇ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਦੇ ਚਾਹਵਾਨ ਪੰਜਾਬ ਦੇ ਨੌਜਵਾਨਾਂ ਵਿੱਚ ਕੁੜੀਆਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਗਈ ਹੈ। ਟਰੈਵਲ ਏਜੰਟਾਂ ਦੀ ਆੜ ਵਿੱਚ ਕੁੜੀਆਂ ਇਕੱਲੀਆਂ ਸਫ਼ਰ ਕਰ ਕੇ ਵਿਦੇਸ਼ ਪਹੁੰਚ ਜਾਂਦੀਆਂ ਹਨ ਪਰ ਜ਼ਿਆਦਾਤਰ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਜਾਂਦੀਆਂ ਹਨ। ਟਰੈਵਲ ਏਜੰਟ ਮੋਟੀਆਂ ਰਕਮਾਂ ਲੈ ਕੇ ਕੁੜੀਆਂ ਨੂੰ ਅੱਧ-ਵਿਚਾਲੇ ਮੁਲਕਾਂ ਵਿਚ ਸੁੱਟ ਦਿੰਦੇ ਹਨ। ਜਿੱਥੋਂ ਟਰੈਵਲ ਏਜੰਟਾਂ ਦੇ ਸਾਥੀ ਗੈਰ-ਕਾਨੂੰਨੀ ਰਸਤਿਆਂ ਰਾਹੀਂ ਵੱਖ-ਵੱਖ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਵਾਉਂਦੇ ਹਨ। ਇਸ ਦੌਰਾਨ ਸੁਰੱਖਿਆ ਦੇ ਨਾਂ ‘ਤੇ ਲੜਕੀਆਂ ਤੋਂ ਪਾਸਪੋਰਟ ਖੋਹ ਲਏ ਜਾਂਦੇ ਹਨ ਅਤੇ ਜ਼ਿਆਦਾਤਰ ਮਾਮਲਿਆਂ ‘ਚ ਲੜਕੀਆਂ ਦਾ ਸ਼ੋਸ਼ਣ ਸ਼ੁਰੂ ਹੋ ਜਾਂਦਾ ਹੈ।
ਇਹ ਖੁਲਾਸਾ ਮਨੁੱਖੀ ਅਧਿਕਾਰ ਸੰਗਠਨ ਦੀ ਖੋਜ ਵਿੱਚ ਹੋਇਆ ਹੈ। ਇਸ ਨੂੰ ਅਮਰੀਕਾ ਦੇ ਇੱਕ ਅਖਬਾਰ ਨੇ ਪ੍ਰਕਾਸ਼ਿਤ ਕੀਤਾ ਹੈ ਅਤੇ ਇਸ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਤੋਂ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਵਾਲੀਆਂ ਕੁੜੀਆਂ, ਮਨੁੱਖੀ ਤਸਕਰੀ ਦਾ ਸ਼ਿਕਾਰ ਹੋਣ ਦੇ ਮਾਮਲੇ 12 ਤੋਂ 25 ਫੀਸਦੀ ਤੱਕ ਵਧ ਗਏ ਹਨ। ਇਸ ਮਾਮਲੇ ਦਾ ਅਹਿਮ ਪਹਿਲੂ ਇਹ ਵੀ ਹੈ ਕਿ ਪੰਜਾਬ ਸਰਕਾਰ ਕੋਲ ਮਨੁੱਖੀ ਤਸਕਰੀ ਅਤੇ ਪੰਜਾਬ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਸਬੰਧੀ ਕੋਈ ਅੰਕੜਾ ਉਪਲਬਧ ਨਹੀਂ ਹੈ।
ਸਾਈਪ੍ਰਸ ‘ਚ ਧੋਖਾਧੜੀ, ਪੀੜਤ ਔਰਤ ਨੇ ਦੋਸ਼ ਲਾਇਆ ਕਿ ਪੰਜਾਬ ਦੇ ਇਕ ਟਰੈਵਲ ਏਜੰਟ ਲਖਵਿੰਦਰ ਉਰਫ ਹਰਮਨ ਨੇ ਉਸ ਨੂੰ 5 ਲੱਖ ਰੁਪਏ ਦੇ ਬਦਲੇ ਯੂਰਪ ਲਈ ਕਾਨੂੰਨੀ ਦਸਤਾਵੇਜ਼, ਵਰਕ ਵੀਜ਼ਾ ਅਤੇ ਇਟਲੀ ਦੀ ਟਿਕਟ ਦੇਣ ਦਾ ਵਾਅਦਾ ਕੀਤਾ ਸੀ। ਫੇਰੀ ਵਾਲੇ ਦਿਨ ਲਖਵਿੰਦਰ ਨੇ ਸਾਈਪ੍ਰਸ ਏਅਰਪੋਰਟ ‘ਤੇ ਵਰਕ ਵੀਜ਼ਾ ਲਗਵਾਇਆ, ਜੋ ਇਮੀਗ੍ਰੇਸ਼ਨ ਜਾਂਚ ‘ਚ ਜਾਅਲੀ ਪਾਇਆ ਗਿਆ, ਜਿਸ ਕਾਰਨ ਪੀੜਤ ਨੂੰ ਗ੍ਰਿਫਤਾਰ ਕਰ ਲਿਆ ਗਿਆ।