ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਫਰੀਦਾਬਾਦ ਵਿਖੇ ਏਸ਼ੀਆ ਦੇ ਸਭ ਤੋਂ ਵੱਡੇ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ । ਉਨ੍ਹਾਂ ਇਸ ਮੌਕੇ ਕਿਹਾ ਕਿ ਇਹ ਹਸਪਤਾਲ ਨਵਾਂ ਕੀਰਤੀਮਾਨ ਸਥਾਪਤ ਕਰੇਗਾ ਅਤੇ ਪੂਜਨੀਕ ਅੰਮਾ ਅੰਮ੍ਰਿਤਾ ਜੀ ਦੇ ਅਸ਼ੀਰਵਾਦ ਨਾਲ ਸਥਾਪਤ ਇਹ ਹਸਪਤਾਲ ਹਰਿਆਣਾ, ਦਿੱਲੀ ਐਨਸੀਆਰ, ਨੋਇਡਾ ਆਦਿ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਹਸਪਤਾਲ ਇਮਾਰਤ ਅਤੇ ਤਕਨੀਕ ਦੇ ਲਿਹਾਜ਼ ਨਾਲ ਜਿੰਨਾ ਵੱਡਾ ਹੈ ਸੇਵਾ ਸੰਵੇਦਨਾ ਅਤੇ ਆਧੁਨਿਕ ਚੇਤਨਾ ਨਾਲ ਓਨਾ ਹੀ ਅਲੌਕਿਕ ਹੈ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਆਧੁਨਿਕ, ਸਸਤੇ, ਚੰਗੇ ਅਤੇ ਮਿਆਰੀ ਇਲਾਜ ਦਾ ਮਾਧਿਅਮ ਬਣੇਗਾ।
ਇਸ ਤੋਂ ਅੱਗੇ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਇੱਕ ਅਜਿਹਾ ਰਾਸ਼ਟਰ ਹੈ, ਜਿੱਥੇ ਇਲਾਜ ਇੱਕ ਸੇਵਾ ਹੈ, ਸਿਹਤ ਇੱਕ ਦਾਨ ਹੈ। ਜਿੱਥੇ ਸਿਹਤ ਅਧਿਆਤਮ, ਦੋਨੋਂ ਇੱਕ-ਦੂਜੇ ਜੁੜੇ ਹੋਏ ਹਨ। ਸਾਡੇ ਇੱਥੇ ਡਾਕਟਰੀ ਵਿਗਿਆਨ ਇੱਕ ਵੇਦ ਹੈ। ਅਸੀਂ ਸਾਡੇ ਮੈਡੀਕਲ ਵਿਗਿਆਨ ਨੂੰ ਵੀ ਆਯੁਰਵੇਦ ਦਾ ਨਾਮ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਲਈ ਇਸ ਹਸਪਤਾਲ ਦੀ ਉਸਾਰੀ ਕਰਨ ‘ਤੇ ਅੰਮਾ ਅਮ੍ਰਿਤਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਸੇਵਾ ਦੇ ਇਸ ਮਹਾਂਯੱਗ ਲਈ ਪੂਜਨੀਕ ਅੰਮਾ ਦਾ ਦਿਲੋਂ ਧਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਅੰਮਾ ਅਮ੍ਰਿਤਾ ਸੇਵਾ ਦੀ ਮੂਰਤ, ਪੂਜਨੀਕ ਮਾਤਾ, ਸੇਵਾ ਭਾਵਨਾ ਨਾਲ ਭਰਪੂਰ ਹਨ, ਜਿਨ੍ਹਾਂ ਵਰਗੀਆਂ ਔਰਤਾਂ ਸਦਕਾ ਹੀ ਦੇਸ਼ ਅੱਗੇ ਵੱਧਣ ਵਿੱਚ ਸਮਰਥ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਨੂੰ ਸਿਰਫ਼ ਇਹ ਇੱਛਾ ਹੈ ਕਿ ਸਾਨੂੰ ਦੀਨ ਦੁਖੀਆਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਰਹੇ ਸਿਰਫ਼, ਸਾਨੂੰ ਕਿਸੇ ਰਾਜ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਇਸ ਵਾਰ ਲਾਲ ਕਿਲ੍ਹੇ ਤੋਂ ਮੈਂ ਅੰਮ੍ਰਿਤਕਾਲ ਦੇ ਪੰਜ ਪ੍ਰਣ ਵਿੱਚੋਂ ਇੱਕ ਦਾ ਵਿਜ਼ਨ ਦੇਸ਼ ਦੇ ਸਾਹਮਣੇ ਰੱਖਿਆ ਹੈ। ਇਨ੍ਹਾਂ ਵਿੱਚੋਂ ਇੱਕ ਹੈ- ਗੁਲਾਮੀ ਦੀ ਮਾਨਸਿਕਤਾ ਦਾ ਪੂਰੀ ਤਰ੍ਹਾਂ ਤਿਆਗ। ਇਸ ਦੀ ਇਸ ਸਮੇਂ ਖੂਬ ਚਰਚਾ ਵੀ ਹੋ ਰਹੀ ਹੈ। ਇਸ ਮਾਨਸਿਕਤਾ ਦਾ ਜਦੋਂ ਅਸੀਂ ਤਿਆਗ ਕਰਦੇ ਹਾਂ ਤਾਂ ਸਾਡੇ ਕੰਮਾਂ ਦੀ ਦਿਸ਼ਾ ਵੀ ਬਦਲ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: