ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਹਿਸਾਰ ਦੌਰੇ ‘ਤੇ ਹਨ। ਉਨ੍ਹਾਂ ਦਾ ਦੌਰਾ ਅੱਜ ਯਾਨੀ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ। ਦੋਵੇਂ ਮੁੱਖ ਮੰਤਰੀ ਪੰਜਾਬ ਚੋਣਾਂ ਤੋਂ ਬਾਅਦ ਪਹਿਲੀ ਵਾਰ ਹਰਿਆਣਾ ਆ ਰਹੇ ਹਨ। ਕੇਜਰੀਵਾਲ ਤੇ CM ਮਾਨ ਆਪਣੇ ਦੋ ਦਿਨਾਂ ਦੌਰੇ ਦੌਰਾਨ ਨੌਜਵਾਨਾਂ, ਵਪਾਰੀਆਂ ਤੇ ਹੋਰ ਵਰਗਾਂ ਦੇ ਨਾਲ ਗੱਲਬਾਤ ਕਰਨਗੇ। ਦੋਨੋਂ ਇਕੱਠੇ ਦੁਪਹਿਰ 12 ਵਜੇ ਹਿਸਾਰ ਪਹੁੰਚਣਗੇ। ਜਿਸ ਤੋਂ ਬਾਅਦ 1 ਵਜੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਹਿਸਾਰ ਵਿੱਚ ਨਵੇਂ ਨੇਤਾਵਾਂ ਨੂੰ ਜੁਆਈਨਿੰਗ ਕਰਵਾਈ ਜਾਵੇਗੀ। ਦੁਪਹਿਰ 3 ਵਜੇ ਕੇਜਰੀਵਾਲ ਮਿਲਿਨੀਅਮ ਪੈਲੇਸ ਵਿੱਚ ਨੌਜਵਾਨਾਂ ਨਾਲ ਗੱਲਬਾਤ ਕਰਨਗੇ ਤੇ ਸ਼ਾਮ 5 ਵਜੇ ਉਹ ਸੋਨਾਲੀ ਫੋਗਾਟ ਦੀ ਬੇਟੀ ਯਸ਼ੋਧਰਾ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਲਈ ਉਨ੍ਹਾਂ ਦੇ ਘਰ ਜਾਣਗੇ। ਇਸ ਤੋਂ ਬਾਅਦ ਵਪਾਰੀਆਂ ਨਾਲ ਗੱਲਬਾਤ ਕਰਨਗੇ।
ਇਸ ਦੌਰਾਨ ਕੇਜਰੀਵਾਲ ਵੱਲੋਂ ਮੇਕ ਇੰਡੀਆ ਨੰਬਰ 1′ ਮੁਹਿੰਮ ਦੀ ਸ਼ੁਰੂਆਤ ਵੀ ਕਰਨਗੇ। ਦੱਸ ਦਈਏ ਕਿ ਕੇਜਰੀਵਾਲ ਪਾਰਟੀ ਦੀ ‘ਮੇਕ ਇੰਡੀਆ ਨੰਬਰ 1’ ਮੁਹਿੰਮ ਦੀ ਸ਼ੁਰੂਆਤ ਹਿਸਾਰ ਤੋਂ ਕਰਨਗੇ। ਹਾਸਲ ਜਾਣਕਾਰੀ ਮੁਤਾਬਕ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਪ੍ਰੇਰਿਤ ਕਰਨਾ ਅਤੇ ਇਸ ਦੇ ਸਰੋਤਾਂ ਅਤੇ ਪ੍ਰਤਿਭਾ ਨੂੰ ਦੇਖਦੇ ਹੋਏ ਦੇਸ਼ ਨੂੰ ਵਿਸ਼ਵ ਪੱਧਰ ‘ਤੇ ਨੇਤਾ ਬਣਾਉਣ ਲਈ ਕੰਮ ਕਰਨਾ ਹੈ। ਇਸ ਵਿੱਚ ਨੌਜਵਾਨਾਂ ਨੂੰ ਪਾਰਟੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ ।
ਇਸ ਤੋਂ ਇਲਾਵਾ ਕੇਜਰੀਵਾਲ ਅਤੇ CM ਭਗਵੰਤ ਮਾਨ 8 ਸਤੰਬਰ ਨੂੰ ਸਵੇਰੇ 11 ਵਜੇ ਆਦਮਪੁਰ ਵਿੱਚ ਤਿਰੰਗਾ ਰੈਲੀ ਕੱਢਣਗੇ। ਇਸ ਤੋਂ ਬਾਅਦ 12 ਵਜੇ ਅਨਾਜ ਮੰਡੀ ਵਿੱਚ ਇੱਕ ਜਨ ਸਭਾ ਨੂੰ ਸੰਬੋਧਿਤ ਕਰਨਗੇ। ਇਸ ਮਗਰੋਂ ਦੁਪਹਿਰ 3 ਵਜੇ ਦੋਨੋਂ ਵਾਪਿਸ ਹਿਸਾਰ ਚਲੇ ਜਾਣਗੇ। ਗੌਰਤਲਬ ਹੈ ਕਿ ਪੰਜਾਬ ਚੋਣਾਂ ਤੋਂ ਬਾਅਦ ਕੇਜਰੀਵਾਲ ਦੂਜੀ ਵਾਰ ਹਰਿਆਣਾ ਆ ਰਹੇ ਹਨ। ਕੇਜਰੀਵਾਲ ਹੁਣ ਦੂਜੀ ਵਾਰ ਹਿਸਾਰ ਵਿੱਚ ਰੈਲੀ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: