ਲੁਧਿਆਣਾ ‘ਚ ਚੋਰਾਂ ਨੇ ਸੋਮਵਾਰ ਤੜਕੇ ਮਲਹਾਰ ਰੋਡ ‘ਤੇ ਇਕ ਮੋਬਾਈਲ ਸ਼ੋਅਰੂਮ ਨੂੰ ਨਿਸ਼ਾਨਾ ਬਣਾਇਆ। ਸ਼ੋਅਰੂਮ ‘ਚ ਦਾਖਲ ਹੋਏ ਤਿੰਨ ਚੋਰਾਂ ਨੇ ਅੱਧੇ ਘੰਟੇ ‘ਚ ਲੱਖਾਂ ਦੇ ਮੋਬਾਈਲ ਚੋਰੀ ਕਰ ਲਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਸੂਚਨਾ ਮਿਲਦੇ ਹੀ ਏਸੀਪੀ ਕਰਾਈਮ ਸੁਮਿਤ ਸੂਦ, ਸੀਆਈਏ ਇੰਚਾਰਜ ਰਾਜੇਸ਼ ਕੁਮਾਰ ਅਤੇ ਥਾਣਾ 3 ਦੀ ਪੁਲੀਸ ਮੌਕੇ ਤੇ ਪੁੱਜ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਲਟੈਲ ਗਲੋਬਲ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਮ੍ਰਿਦੁਲ ਨੇ ਦੱਸਿਆ ਕਿ ਮਲਹਾਰ ਰੋਡ ’ਤੇ ਬਣੇ ਮਾਲ ਦੇ ਐਂਟਰੀ ਪੁਆਇੰਟ ਤੇ ਉਨ੍ਹਾਂ ਦਾ ਸ਼ੋਅਰੂਮ ਹੈ। ਐਤਵਾਰ ਦੇਰ ਸ਼ਾਮ ਉਸ ਦਾ ਸਟਾਫ਼ ਸ਼ੋਅਰੂਮ ਛੱਡ ਕੇ ਚਲਾ ਗਿਆ। ਸੋਮਵਾਰ ਸਵੇਰੇ ਉਨ੍ਹਾਂ ਦੇ ਸਟਾਫ ਨੇ ਦੇਖਿਆ ਕਿ ਸ਼ੋਅਰੂਮ ਦੇ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਸ਼ੋਅਰੂਮ ਦੇ ਅੰਦਰ ਸਾਮਾਨ ਖਿਲਰਿਆ ਪਿਆ ਸੀ। ਜਦੋਂ ਉਨ੍ਹਾਂ ਦੇ ਸਟਾਫ਼ ਨੇ ਸ਼ੋਅਰੂਮ ਵਿੱਚ ਪਏ ਮੋਬਾਈਲਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਕਰੀਬ 28 ਮੋਬਾਈਲ ਚੋਰੀ ਹੋ ਚੁੱਕੇ ਸਨ। ਇਨ੍ਹਾਂ ਦੀ ਕੀਮਤ ਕਰੀਬ ਅੱਠ ਲੱਖ ਰੁਪਏ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਇਸ ਤੋਂ ਬਾਅਦ ਪੁਲੀਸ ਨੂੰ ਸੂਚਿਤ ਕਰਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ। ਪਤਾ ਲੱਗਾ ਹੈ ਕਿ ਚੋਰ ਸੋਮਵਾਰ ਤੜਕੇ 5 ਵਜੇ ਦੇ ਕਰੀਬ ਚੋਰ ਸ਼ੋਅਰੂਮ ‘ਚ ਦਾਖਲ ਹੋਏ ਅਤੇ ਕਰੀਬ ਅੱਧੇ ਘੰਟੇ ‘ਚ ਹੀ ਲੱਖਾਂ ਰੁਪਏ ਦੇ ਮੋਬਾਇਲ ਚੋਰੀ ਕਰਕੇ ਫਰਾਰ ਹੋ ਗਏ। ਏਸੀਪੀ ਸੁਮਿਤ ਸੂਦ ਨੇ ਦੱਸਿਆ ਕਿ ਮੋਬਾਈਲ ਸ਼ੋਅਰੂਮ ਵਿੱਚ ਚੋਰੀ ਦੀ ਘਟਨਾ ਦੀ ਸੀਸੀਟੀਵੀ ਫੁਟੇਜ ਹਾਸਲ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਚ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਵੱਧ ਰਹੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਚੋਰ ਹੁਣ ਦਿਨ ਵੇਲੇ ਵੀ ਜੁਰਮ ਕਰਨ ਤੋਂ ਪਿੱਛੇ ਨਹੀਂ ਹਟਦੇ।